ਲਾਪਤਾ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਮਿਲੀ ਕਾਰ
ਪੁਲਿਸ ਨੇ ਜਾਂਚ ਕੀਤੀ ਸ਼ੁਰੂ
Dead body of the missing person was found along with his car |
News Patiala : ਇਥੋਂ ਦੇ ਪਟਿਆਲਾ-ਸਰਹਿੰਦ ਬਾਈਪਾਸ ‘ਤੇ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਸ਼ੱਕੀ ਹਲਾਤਾਂ ‘ਚ ਲਾਪਤਾ ਵਿਅਕਤੀ ਦੀ ਖੂਨ ਨਾਲ ਲੱਥ-ਪੱਥ ਕਾਰ ਮਿਲੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੇ ਥਾਣਾ ਅਰਬਨ ਅਸਟੇਟ ਇੰਚਾਰਜ ਜੀਐੱਸ ਸਿਕੰਦ ਤੇ ਡੀਐੱਸਪੀ ਮੋਹਿਤ ਅਗਰਵਾਲ ਨੇ ਮੌਕੇ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਲਾਪਤਾ ਵਿਅਕਤੀ ਮੁਹੰਮਦ ਕਾਸਿਮ (32) ਵਾਸੀ ਬਲਬੀਰ ਕਾਲੋਨੀ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਉਸ ਦੀ ਪਤਨੀ ਰਜ਼ੀਆ ਬੇਗਮ ਵਲੋਂ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਦਿੱਤੀ ਗਈ ਸੀ। ਜੋ ਕਿ ਇਕ ਨਿੱਜੀ ਕਾਰ ਕੰਪਨੀ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਪਤਾ ਮੁਹੰਮਦ ਕਾਸਿਮ ਦੇ ਭਰਾ ਫ਼ਿਰੋਜ਼ ਖਾਨ ਨੇ ਦਸਿਆ ਕਿ ਉਸ ਦਾ ਭਰਾ ਇਕ ਕਾਰ ਕੰਪਨੀ ਵਿਚ ਬਤੌਰ ਸੇਲਜ਼ਮੈਨ ਦਾ ਕੰਮ ਕਰਦਾ ਸੀ। ਫ਼ੂਡ ਐਂਡ ਸਿਵਲ ਮਹਿਕਮੇ ‘ਚ ਉਸ ਦੇ ਪਿਤਾ ਸੇਵਾ ਮੁਕਤ ਹੋਏ ਸਨ। ਛੋਟੇ ਭਰਾ ਕਾਸਿਮ ਦੇ ਪਰਿਵਾਰ ‘ਚ ਇਕ ਲੜਕੀ ਤੇ ਲੜਕਾ ਹੈ ਤੇ ਕਾਸਿਮ ਘਰੋਂ ਸ਼ਨਿੱਚਰਵਾਰ ਸ਼ਾਮ ਨੂੰ ਕਿਸੇ ਦੋਸਤ ਦੇ ਕੋਲ ਜਾਣ ਲਈ ਕਾਰ ਲੈ ਕੇ ਨਿਕਲਿਆ ਸੀ। ਇਸ ਤੋਂ ਬਾਅਦ ਨਾ ਹੀ ਉਹ ਘਰ ਪਰਤਿਆ ਤੇ ਨਾ ਹੀ ਉਸ ਦਾ ਫ਼ੋਨ ਆਨ ਹੋਇਆ। ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੇ ਦਿੱਤੀ ਗਈ ਸੀ। ਐਤਵਾਰ ਦੀ ਸਵੇਰ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਇੱਕ ਕਾਰ ਸ਼ੱਕੀ ਹਲਾਤਾਂ ‘ਚ ਖੂਨ ਨਾਲ ਲੱਥ-ਪੱਥ ਅਰਬਨ ਅਸਟੇਟ ਫ਼ੇਜ਼-2 ਤੋਂ ਬਾਜਵਾ ਕਾਲੋਨੀ ਜਾਣ ਵਾਲੇ ਰੋਡ ‘ਤੇ ਸਥਿਤ ਤਿ੍ਕੋਣੀ ਮਾਰਕਿਟ ਵਿਚ ਖੜੀ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਇੰਚਾਰਜ ਜੀਐੱਸ ਸਿਕੰਦ ਪੁਲਿਸ ਪਾਰਟੀ ਤੇ ਡੀਐੱਸਪੀ ਮੋਹਿਤ ਅਗਰਵਾਲ ਵੀ ਨਾਲ ਪਹੁੰਚ ਗਏ। ਮੌਕੇ ‘ਤੇ ਦੇਖਿਆ ਕਿ ਕਾਰ ਦੇ ਅੰਦਰ ਖੂਨ ਫ਼ੈਲਿਆ ਹੋਇਆ ਸੀ ਤੇ ਖਿੜਕੀਆਂ ‘ਤੇ ਵੀ ਖੂਨ ਲੱਗਾ ਹੋਇਆ ਸੀ।