ਗਰਮੀ ਤੋਂ ਬਚਣ ਲਈ ਸਾਵਧਾਨੀਆਂ ਜ਼ਰੂਰੀ : ਸਿਵਲ ਸਰਜਨ ਡਾ. ਰਾਜੂ ਧੀਰ
Civil Surgeon Dr. Raju Dheer: Precautions necessary to avoid heat |
News Patiala : ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਦਿਨੋ ਦਿਨ ਵਧਦਾ ਜਾ ਰਿਹਾ ਹੈ। ਤਾਪਮਾਨ 44 ਡਿਗਰੀ ਦੇ ਆਸ ਪਾਸ ਰਹਿ ਰਿਹਾ ਹੈ ਜੋ ਕਿ ਪਿਛਲੇ ਸਾਲਾ ਨਾਲੋਂ ਵੱਧ ਗਰਮੀ ਪੈਣ ਦਾ ਸੂਚਕ ਹੈ ।ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਗਰਮੀ ਤੋਂ ਬਚਾਅ ਲਈ ਸਾਵਧਾਨ ਰਹਿਣਾ ਜਰੂਰੀ ਹੈ। ਗਰਮੀ ਤੋ ਬਚਣ ਅਤੇ ਲ਼ੂ ਲਗਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਨੇ ਕਿਹਾ ਕਿ ਗਰਮ ਲੂ ਤੋ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਪਾਣੀ, ਨਿੰਬੂ ਆਦਿ ਦਾ ਵੱਧ ਤੋ ਵੱਧ ਸੇਵਨ ਕੀਤਾ ਜਾਵੇ, ਕੋਲਡ ਡਰਿੰਕ ਬਿਲਕੁਲ ਨਹੀ ਪੀਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਤਿੱਖੀ ਧੁੱਪ ਤੋਂ ਬਚਣ ਲਈ ਦੁਪਿਹਰ ਵੇਲੇ ਘਰ ਤੋ ਬਾਹਰ ਘੱਟ ਤੋ ਘੱਟ ਨਿਕਲਿਆ ਜਾਵੇ। ਜੇਕਰ ਦੁਪਹਿਰ ਵੇਲੇ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਜਾਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਕੁੱਝ ਸਮਾਂ ਠੰਡੀ ਥਾਂ ਜਿਵੇਂ ਕਿ ਰੁੱਖ ਹੇਠਾਂ ਬੈਠਿਆਂ ਜਾਵੇ। ਗਰਮੀ ਦੇ ਦਿਨਾਂ ਦੋਰਾਨ ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਾਏ ਜਾਣ।
ਉਨ੍ਹਾਂ ਦੱਸਿਆ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲਗਣ ਦਾ ਜਿਆਦਾ ਖਤਰਾ ਹੁੰਦਾ ਹੈ ਇਸ ਲਈ ਗਰਮੀ ਦੇ ਦਿਨਾਂ ਵਿਚ ਬੱਚਿਆਂ, ਬਜੁਰਗਾਂ ਤੇ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ।ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਗਰਮੀਆਂ ਦੋਰਾਨ ਲੂ ਲਗਣ ਨਾਲ ਸ਼ਰੀਰ ਤੇ ਪਿੱਤ ,ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖੁਸ਼ਕ ਹੋਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ।ਜਿਸ ਲਈ ਤੁਰੰਤ ਨੇੜੇ ਦੇ ਸਿਹਤ ਸਰਕਾਰੀ ਸੰਸਥਾਂ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ।ਕਈ ਵਾਰੀ ਗਰਮੀ ਲੱਗਣ ਨਾਲ ਮਾਸਪੇਸ਼ੀਆ ਵਿਚ ਵੀ ਕਮਜ਼ੋਰੀ ਆ ਜਾਂਦੀ ਹੈ ਜਿਸ ਨਾਲ ਵਿਅਕਤੀ ਥੋੜਾ ਜਿਹਾ ਕੰਮ ਕਰਨ ਤੇ ਵੀ ਬਹੁਤ ਜਿਆਦਾ ਥਕਾਨ ਮਹਿਸੂਸ ਕਰਦਾ ਹੈ।