ਪੰਚਾਇਤ ਵਿਭਾਗ ਨੇ 14 ਏਕੜ ਜ਼ਮੀਨ ਦਾ ਛੁਡਾਇਆ ਕਬਜ਼ਾ: News Patiala

News Patiala
News Patiala


News Patiala : ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਵਿੱਢੀ ਮੁਹਿੰਮ ਅਧੀਨ ਅੱਜ ਪਿੰਡ ਹੁਲਕਾ ਦੀ 14 ਏਕੜ ਜ਼ਮੀਨ ਦਾ ਨਜਾਇਜ਼ ਕਬਜ਼ਾ ਛੁਡਾਇਆ। ਪਿਛਲੇ ਸੱਤ ਦਹਾਕਿਆਂ ਤੋਂ ਉਕਤ ਪੰਚਾਇਤੀ ਜ਼ਮੀਨ ਉੱਤੇ ਕਾਸ਼ਤ ਕਰਦੇ ਆ ਰਹੇ 16 ਕਿਸਾਨ ਪਰਿਵਾਰਾਂ ਨੇ ਪੰਚਾਇਤ ਵਿਭਾਗ ਉੱਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ। ਇਸ ਮੌਕੇ ਕੁੱਝ ਜ਼ਮੀਨ ਮਾਲਕਾਂ ਨੇ ਵਿਰੋਧ ਵੀ ਕੀਤਾ, ਪੁਲਿਸ ਨੇ ਵਿਰੋਧ ਕਰ ਰਹੇ ਇੱਕ ਨੌਜਵਾਨ ਕਿਸਾਨ ਨੂੰ ਆਪਣੀ ਹਿਰਾਸਤ ਵਿੱਚ ਵੀ ਲਿਆ, ਪਰ ਇਸ ਦੇ ਬਾਵਜੂਦ ਪੰਚਾਇਤ ਵਿਭਾਗ ਕਬਜ਼ਾ ਛੁਡਾਉਣ ਵਿੱਚ ਸਫ਼ਲ ਹੋ ਗਿਆ। ਪਿੰਡ ਹੁਲਕਾ ਅੱਜ ਸਾਰਾ ਦਿਨ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਰਿਹਾ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਕਬਜ਼ੇ ਦੀ ਕਾਰਵਾਈ ਨੂੰ ਨੇਪਰੇ ਚਾੜਨ ਤੱਕ ਮੌਕੇ ਤੇ ਤਾਇਨਾਤ ਰਹੀ।

ਪਟਿਆਲਾ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਦੀ ਨਿਗਰਾਨੀ ਹੇਠ ਕਬਜ਼ਾ ਛੁਡਾਉਣ ਦਾ ਅਮਲ ਮੁਕੰਮਲ ਹੋਇਆ। ਇਸ ਮੌਕੇ ਬਨੂੜ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿਲੋਂ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਰਹੇ। ਰਾਜਪੁਰਾ ਦੀ ਬੀਡੀਪੀਓ ਅਮਨਦੀਪ ਕੌਰ ਅਤੇ ਪੰਚਾਇਤੀ ਅਮਲਾ ਤੇ ਮਾਲ ਵਿਭਾਗ ਦੇ ਪਟਵਾਰੀ ਤੇ ਕਾਨੂੰਗੋ ਵੀ ਇਸ ਮੌਕੇ ਹਾਜ਼ਿਰ ਸਨ। ਡੀਡੀਪੀਓ ਨੇ ਦੱਸਿਆ ਕਿ ਪਿੰਡ ਦੀ 30 ਏਕੜ ਜ਼ਮੀਨ ਬਹੁਤ ਲੰਮੇਂ ਸਮੇਂ ਤੋਂ ਨਜਾਇਜ਼ ਕਬਜ਼ੇ ਅਧੀਨ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ 2009 ਵਿੱਚ ਡੀਡੀਪੀਓ ਪਟਿਆਲਾ ਦੀ ਅਦਾਲਤ ਤੋਂ ਜ਼ਮੀਨ ਦਾ ਕੇਸ ਪੰਚਾਇਤ ਦੇ ਹੱਕ ਵਿੱਚ ਹੋ ਗਿਆ ਸੀ ਪਰ ਇਸ ਦਾ ਕਬਜ਼ਾ ਨਹੀਂ ਛੁਡਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀ 16 ਏਕੜ ਜ਼ਮੀਨ ਦਾ ਕਬਜ਼ਾ ਵੀ ਅਗਲੇ ਕੁੱਝ ਦਿਨਾਂ ਵਿੱਚ ਲੈ ਲਿਆ ਜਾਵੇਗਾ ਤੇ ਇਸ ਸਬੰਧੀ ਜਲਦੀ ਹੀ ਕਬਜ਼ਾ ਵਾਰੰਟ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਵਿੱਚ ਕਬਜ਼ਾ ਲੈਣ ਉਪਰੰਤ ਨਿਸ਼ਾਨੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਦੌਰਾਨ ਕਬਜ਼ੇ ਹੇਠੋਂ ਛੁਡਾਈ ਗਈ ਜ਼ਮੀਨ ਦੀ ਬੋਲੀ ਕੀਤੀ ਜਾਵੇਗੀ।

ਇਸ ਮੌਕੇ ਜ਼ਮੀਨ ਦੇ ਕਾਸ਼ਤਕਾਰ ਕਿਸਾਨਾਂ ਖਜ਼ਾਨ ਸਿੰਘ, ਮੰਗਲ ਸਿੰਘ, ਹਰਦੀਪ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਦਿਲਬਰ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਰੁਲਦਾ ਸਿੰਘ, ਤਾਰਾ ਸਿੰਘ ਆਦਿ ਨੇ ਦੱਸਿਆ ਕਿ ਉਹ ਇਸ ਜ਼ਮੀਨ ਵਿੱਚ 1952 ਵਿੱਚ ਹੋਏ ਮੁਰੱਬੇਬੰਦੀ ਤੋਂ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗਿਰਦਾਵਰੀ ਵੀ ਉਨ੍ਹਾਂ ਦੇ ਨਾਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ 7-11-1975 ਨੂੰ ਰਾਜਪੁਰਾ ਦੇ ਸਹਾਇਕ ਕੁਲੈਕਟਰ ਦੀ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਵੀ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡੀਡੀਪੀਓ ਦੇ ਫੈਸਲੇ ਦੇ ਵਿਰੋਧ ਵਿੱਚ ਮੁਹਾਲੀ ਦੇ ਕੁਲੈਕਟਰ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਤੇ ਉਸ ਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ ਤੇ ਪੰਚਾਇਤ ਵਿਭਾਗ ਨੇ ਕੁਲੈਕਟਰ ਦੇ ਫੈਸਲੇ ਦੀ ਉਡੀਕ ਕਰੇ ਬਿਨ੍ਹਾਂ ਹੀ ਜ਼ਮੀਨ ਦਾ ਕਬਜ਼ਾ ਛੁਡਾਇਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਵੀ ਬਿਨਾਂ ਕਿਸੇ ਪੈਮਾਇਸ਼ ਤੋਂ ਕਬਜ਼ਾ ਛੁਡਾਏ ਜਾਣ ਦੀ ਗੱਲ ਆਖੀ। ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਾਮੀਂ ਬਨੂੜ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਵਿਭਾਗ ਦੇ ਅਧਿਕਾਰੀ ਨਜਾਇਜ਼ ਕਬਜ਼ੇ ਹੇਠਲੀਆਂ ਸ਼ਾਮਲਾਤ ਜ਼ਮੀਨਾਂ ਨੂੰ ਛੁਡਾਉਣ ਲਈ ਲੋੜੀਂਦਾ ਅਮਲ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਰਾਜ ਵਿੱਚੋਂ ਵੱਡੀ ਪੱਧਰ ਉੱਤੇ ਨਜਾਇਜ਼ ਕਬਜ਼ੇ ਛੁਡਾਏ ਜਾਣਗੇ। ਉਨ੍ਹਾਂ ਕਬਜ਼ਾਕਾਰਾਂ ਨੂੰ ਆਪਣੇ ਆਪ ਤੋਂ ਹੀ ਨਜਾਇਜ਼ ਕਬਜ਼ੇ ਛੱਡਕੇ ਪੰਜਾਬ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਆਪ ਤੋਂ ਕਬਜ਼ੇ ਛੱਡਣ ਵਾਲਿਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਸਨਮਾਨ ਵੀ ਕਰਨਗੇ।

Leave a Reply

Your email address will not be published. Required fields are marked *