DGP Punjab provides financial assistance to the families of police personnel |
News Patiala: ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਵੀ ਕੇ ਭਾਵੜਾ ਨੇ ਅੱਜ ਪੰਜਾਬ ਪੁਲਿਸ ਦੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਵਜੋਂ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਤੋਂ ਪੰਜਾਬ ਦੇ ਨਾਗਰਿਕਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।
ਇੱਥੇ ਫਿਲੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਪੀ.ਪੀ.ਏ.) ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਡੀਜੀਪੀ ਨੇ ਪੰਜਾਬ ਪੁਲਿਸ ਦੇ ਕੋਵਿਡ-19 ਸ਼ਹੀਦਾਂ ਦੇ ਹਰੇਕ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 3 ਲੱਖ ਰੁਪਏ ਦੇ ਚੈੱਕ ਸੌਂਪ ਕੇ ਸਨਮਾਨਿਤ ਵੀ ਕੀਤਾ।
ਇਹ ਸਮਾਗਮ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਮੈਨਕਾਈਂਡ ਫਾਰਮਾ ਦੇ ਸਹਿਯੋਗ ਨਾਲ ਮਹਾਂਮਾਰੀ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ। ਇਸ ਮੌਕੇ ਏਡੀਜੀਪੀ ਭਲਾਈ ਅਰਪਿਤ ਸ਼ੁਕਲਾ, ਏਡੀਜੀਪੀ ਸ਼ਿਕਾਇਤਾਂ ਐਮਐਫ ਫਾਰੂਕੀ, ਡਾਇਰੈਕਟਰ ਪੀਪੀਏ ਫਿਲੌਰ ਏਡੀਜੀਪੀ ਅਨੀਤਾ ਪੁੰਜ, ਮੈਨਕਾਇਨਡ ਫਾਰਮਾ ਦੇ ਡਿਵੀਜ਼ਨਲ ਸੇਲਜ਼ ਮੈਨੇਜਰ ਸੁਸ਼ੀਲ ਕੁਮਾਰ ਬਾਨਾ ਅਤੇ ਅਨਿਲ ਖੰਡੂਰੀ ਹਾਜ਼ਰ ਸਨ।
ਡੀਜੀਪੀ ਵੀਕੇ ਭਾਵਰਾ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਅਦੁੱਤੀ ਅਤੇ ਨਾ ਭੁੱਲਣਯੋਗ ਕਰਾਰ ਦਿੰਦਿਆਂ ਕਿਹਾ, “ਕੋਵਿਡ-19 ਮਹਾਂਮਾਰੀ ਨੇ ਪੰਜਾਬ ਪੁਲਿਸ ਫੋਰਸ ਵਿੱਚ 94 ਦੇ ਕਰੀਬ ਜਾਨਾਂ ਲੈ ਲਈਆਂ ਸਨ, ਜਿਨ੍ਹਾਂ ਵਿੱਚੋਂ ਦੋ ਗਜ਼ਟਿਡ ਅਧਿਕਾਰੀ ਅਤੇ 18 ਹੋਮ ਗਾਰਡ ਸਨ।
ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਪੈਸਾ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ, ਇਹ ਸਿਰਫ਼ ਇੱਕ ਛੋਟੀ ਜਿਹੀ ਮਦਦ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ।
ਏਡੀਜੀਪੀ ਭਲਾਈ ਅਰਪਿਤ ਸ਼ੁਕਲਾ ਨੇ ਪੰਜਾਬ ਪੁਲਿਸ ਕੋਵਿਡ-19 ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਆਪਣਾ ਸਮਾਂ ਕੱਢਣ ਅਤੇ ਆਪਣੇ ਪਿਆਰਿਆਂ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ।
ਇਸ ਮੌਕੇ ਡੀਆਈਜੀ ਜਲੰਧਰ ਰੇਂਜ ਐਸ.ਬੂਪਤੀ, ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ਪੀਪੀਏ ਫਿਲੌਰ ਹਰਮਨਬੀਰ ਸਿੰਘ ਗਿੱਲ, ਏਆਈਜੀ ਭਲਾਈ ਸੁਖਵੰਤ ਸਿੰਘ ਗਿੱਲ ਅਤੇ ਐਸਐਸਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵੀ ਹਾਜ਼ਰ ਸਨ।