News Dhanaula: ਅਨਾਜ ਮੰਡੀ ਧਨੌਲਾ ਦੀ ਧਰਤੀ ਉਸ ਵਕਤ ਲਾਲੋ ਲਾਲ ਹੋ ਗਈ ਜਦੋਂ ਸੁਨਾਮ ਦੇ ਇਕ ਵਪਾਰੀ ਨੇ ਆਲੇ-ਦੁਆਲੇ ਇੱਟਾਂ ਲਾ ਕੇ ਸਾਰੀ ਮੰਡੀ ’ਚ ਲਾਲ ਮਿਰਚਾਂ ਵਿਛਾ ਦਿੱਤੀਆਂ। ਰਾਹਗੀਰਾਂ ਵੱਲੋਂ ਲੰਘਣ ’ਤੇ ਹੈਰਾਨੀ ਪ੍ਰਗਟ ਹੋਈ ਕਿ ਇੰਨੀ ਲਾਲ ਮਿਰਚ ਆਈ ਕਿੱਥੋਂ ਤੇ ਇਹ ਇਸ ਨੂੰ ਸੁਕਾਉਣ ਲਈ ਨੇੜੇ ਕੋਈ ਹੋਰ ਜਗ੍ਹਾ ਨਹੀਂ ਮਿਲੀ। ਅਨਾਜ ਮੰਡੀ ਧਨੌਲਾ ਦੇ ਵਿਚਾਲਿਓਂ ਦੀ ਲੰਘਦਾ ਰਸਤਾ ਕੋਠੇ ਰਾਜਿੰਦਰਪੁਰਾ, ਪਿੰਡ ਰਾਜਗੜ੍ਹ, ਉਪਲੀ ਨੂੰ ਜਾਂਦਾ ਹੈ, ਜਿਸ ਕਰਕੇ ਉੱਥੋਂ ਦੀ ਸਵੇਰ ਤੋਂ ਸ਼ਾਮ ਤੱਕ ਵੱਡੀ ਗਿਣਤੀ ’ਚ ਲੋਕਾਂ ਦਾ ਲਾਂਘਾ ਬਣਿਆ ਹੋਇਆ ਹੈ।
ਕਈ ਦਿਨਾਂ ਤੋਂ ਲਗਾਤਾਰ ਮੀਂਹ ਵੀ ਪੈ ਰਿਹਾ ਹੈ, ਜਿਸ ਕਰਕੇ ਲਾਲ ਮਿਰਚਾਂ ਵਾਲਾ ਪਾਣੀ ਸੜਕ ’ਤੇ ਆ ਖੜ੍ਹਦਾ ਹੈ ਜੋ ਲੰਘਦੇ ਰਾਹਗੀਰਾਂ ਬਜ਼ੁਰਗਾਂ ਬੱਚਿਆਂ ਉੱਪਰ ਪੈ ਜਾਂਦਾ ਹੈ ਤੇ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਰਚਾਂ ਦੇ ਵਪਾਰੀ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਬਰਸੀ ਕਾਰਨ ਅਨਾਜ ਮੰਡੀ ਸੁਨਾਮ ਵਾਲੀ ਖਾਲੀ ਕਰਨੀ ਪਈ ਤੇ ਸਾਨੂੰ ਧਨੌਲਾ ਵਿਖੇ ਆਉਣਾ ਪਿਆ। ਅਨਾਜ ਮੰਡੀ ਧਨੌਲਾ ਦੇ ਸੈਕਟਰੀ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਨਾਮ ਦੀ ਅਨਾਜ ਮੰਡੀ ’ਚ ਸਰਕਾਰੀ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਕਰਕੇ ਸਰਕਾਰ ਨੇ ਹੀ ਇਸ ਵਪਾਰੀ ਨੂੰ ਧਨੌਲਾ ਮੰਡੀ ‘ਚ ਭੇਜਿਆ ਹੈ। ਮੀਂਹ ਹਟਣ ਤੋਂ ਬਾਅਦ ਦੋ-ਚਾਰ ਦਿਨਾਂ ’ਚ ਇਹ ਆਪਣਾ ਸਾਮਾਨ ਚੁੱਕ ਕੇ ਲੈ ਜਾਵੇਗਾ।