ਨਵੀਂ ਦਿੱਲੀ, 2 ਜਨਵਰੀ 2024 : ਤਾਜ਼ਾ ਖ਼ਬਰ ਆਈ ਹੈ ਕਿ ਟਰਾਂਸਪੋਟਰਾਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਕੇਂਦਰੀ ਗ੍ਰਹਿ ਸਕੱਤਰ ਨਾਲ ਟਰਾਂਸਪੋਟਰਾਂ ਦੀ ਯੂਨੀਅਨ ਦੀ ਬੈਠਕ ਅੱਜ ਦੇਰ ਸ਼ਾਮ ਹੋਈ ਸੀ। ਇਸ ਬੈਠਕ ਵਿਚ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਹਿੱਟ ਐਂਡ ਰਨ ਦਾ ਨਵਾਂ ਕਾਨੂੰਨ ਹਾਲ ਦੀ ਘੜੀ ਲਾਗੂ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਨੇ ਇਹ ਵੀ ਕਿਹਾ ਕਿ ਟਰਾਂਸਪੋਟਰਾਂ ਦਾ ਮਸਲਾ ਛੇਤੀ ਹਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਯੂਨੀਅਨ ਨਾਲ ਗਲਬਾਤ ਜ਼ਰੂਰ ਕੀਤੀ ਜਾਵੇਗੀ। ਦਸ ਦਈਏ ਕਿ ਇਸ ਬੈਠਕ ਵਿਚ ਗਲ ਬਣਦੀ ਹੋਈ ਨਜ਼ਰ ਆਈ ਹੈ। ਅੱਜ ਦੇਸ਼ ਭਰ ਵਿਚ ਟਰਾਂਸਪੋਟਰਾਂ ਦੀ ਹੜਤਾਲ ਰਹੀ ਜਿਸ ਕਾਰਨ ਲੋਕਾਂ ਨੂੰ ਵਾਹਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਟਰੱਕਾਂ ਤੇ ਹੋਰ ਕਮਰਸ਼ੀਅਲ ਵਾਹਨਾਂ ਦੀ ਅਣਮਿਥੇ ਸਮੇਂ ਲਈ ਹੜਤਾਲ ਖ਼ਤਮ
ਟਰੱਕਾਂ ਤੇ ਹੋਰ ਕਮਰਸ਼ੀਅਲ ਵਾਹਨਾਂ ਦੀ ਅਣਮਿਥੇ ਸਮੇਂ ਲਈ ਹੜਤਾਲ ਖ਼ਤਮ ਹੋ ਗਈ ਹੈ ਪਰ ਪੰਜਾਬ ਵਿੱਚ ਫਿਲਹਾਲ ਟਰੱਕਾਂ ਦੀ ਹੜਤਾਲ ਜਾਰੀ ਰਹੇਗੀ।
ਪੰਜਾਬ ਟਰੱਕ ਏਕਤਾ ਯੂਨੀਅਨ ਦੇ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਕਿ ਹੜਤਾਲ ਬਰਕਰਾਰ ਹੈ। ਹਾਲੇ ਟੈਂਕਰਾਂ ਤੋਂ ਸਿਰਫ਼ ਤੇਲ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਜਦਕਿ ਬਾਕੀ ਕੰਮਕਾਜ ਠੱਪ ਰੱਖਿਆ ਜਾਵੇਗਾ। ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈੱਪੀ ਸੰਧੂ ਨੇ ਕਿਹਾ ਕਿ ਪੰਜਾਬ ਦੇ ਟਰੱਕ ਆਪ੍ਰੇਟਰ ਆਰ-ਪਾਰ ਦੀ ਲੜਾਈ ਲੜਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਅਸੀਂ ਸੰਘਰਸ਼ ਜਾਰੀ ਰੱਖਾਂਗੇ। 3 ਜਨਵਰੀ ਨੂੰ ਟਰੱਕ ਯੂਨੀਅਨ ਜਲੰਧਰ ਦੇ ਸੁੱਚੀ ਪਿੰਡ ਜਾ ਰਹੀ ਹੈ ਤੇ ਉੱਥੇ ਧਰਨਾ ਦੇਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਗਿਆ 5 ਜਨਵਰੀ ਨੂੰ ਫਿਲੌਰ ਵਿਚ ਹਾਈਵੇਅ ਜਾਮ ਕੀਤਾ ਜਾਵੇਗਾ।