ਡੇਢ ਲੱਖ ਰੁਪਏ ‘ਚ ਤਿਆਰ ਕਰਨ ਵਾਲੇ ਨਾਮਜ਼ਦ
News Patiala : ਪੰਜਾਬੀ ਯੂਨੀਵਰਸਿਟੀ (Punjabi University) ਦੇ ਫਰਜ਼ੀ ਬੀਏ ਸਰਟੀਫਿਕੇਟ (Fake Certificate) ਬਣਾਉਣ ਦੇ ਮਾਮਲੇ ‘ਚ ਪੁਲਿਸ ਨੇ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੰਜਾਬੀ ਯੂਨੀਵਰਸਿਟੀ ਸਕਿਓਰਟੀ ਇੰਚਾਰਜ ਕੈਪਟਨ ਗੁਰਤੇਜ ਸਿੰਘ ਢਿਲੋਂ ਦੀ ਸ਼ਿਕਾਇਤ ’ਤੇ ਦਵਿੰਦਰ ਸਿੰਘ ਵਾਸੀ ਨਵਾਂਸ਼ਹਿਰ ਤੇ ਗੁਰਜੰਟ ਸਿੰਘ ਵਿਰੁੱਧ ਦਰਜ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਕੋਲ ਵਿਕਾਸ ਵਸ਼ਿਸ਼ਟ ਦੇ ਨਾਂ ’ਤੇ ਬੀਏ ਦੇ ਸਰਟੀਫਿਕੇਟ ਦੀ ਟ੍ਰਾਂਸਕ੍ਰਿਪਟ ਲਈ ਦਰਖ਼ਾਸਤ ਪੁੱਜੀ ਸੀ ਤੇ ਜਾਂਚ ਦੌਰਾਨ ਸਰਟੀਫਿਕੇਟੀ ਫਰਜ਼ੀ ਪਾਇਆ ਗਿਆ। ਅਪ੍ਰੈਲ ਮਹੀਨੇ ਤੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਥਾਣਾ ਅਰਬਨ ਅਸਟੇਟ ਪੁਲਿਸ ਨੇ ਬੁੱਧਵਾਰ ਨੂੰ ਮਾਮਲਾ ਦਰਜ ਕੀਤਾ ਗਿਆ।
ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਹਿਲ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਦੋਵਾਂ ਨੇ 1 ਲੱਖ 49 ਹਜ਼ਾਰ ਲੈ ਕੇ ਸਰਟੀਫਿਕੇਟ ਤਿਆਰ ਕੀਤਾ ਸੀ। ਪੰਜਾਬੀ ਯੂਨੀਵਰਸਿਟੀ ਕੰਟਰੋਲਰ ਪ੍ਰੀਖਿਆਵਾਂ ਗੁਰਚਰਨ ਸਿੰਘ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਟ੍ਰਾਂਸਕ੍ਰਿਪਟ ਸਬੰਧੀ ਫੀਸ ਭਰਨ ਤੋਂ ਬਾਅਦ ਇਕ ਫਾਰਮ ਵਿਭਾਗ ਕੋਲ ਆਇਆ ਸੀ। ਇਸ ਫਾਰਮ ਦੇ ਨਾਲ ਬੀਏ ਸਰਟੀਫਿਕੇਟ ਦੇ ਰਜਿਸ਼ਟ੍ਰੇਸ਼ਨ ਨੰਬਰ ਦੀ ਜਾਂਚ ਸ਼ੁਰੂ ਹੋਈ ਤਾਂ ਨੰਬਰ ਕਿਤੇ ਮਿਲਿਆ ਨਹੀਂ। ਕਾਫੀ ਭਾਲ ਤੋਂ ਬਾਅਦ ਵੀ ਰਿਕਾਰਡ ਵਿਚ ਸਰਟੀਫਿਕੇਟ ਦੇ ਨੰਬਰ ਸਬੰਧੀ ਕੋਈ ਕਾਗਜ਼ ਨਹੀਂ ਮਿਲਿਆ। ਦਰਖ਼ਾਸਤ ਕਰਤਾ ਵਿਕਾਸ ਵਸ਼ਿਸ਼ਟ ਨੂੰ ਈਮੇਲ ਰਾਹੀਂ ਸੁਨੇਹਾ ਭੇਜ ਕੇ ਬੁਲਾਇਆ ਤੇ ਫੋਨ ਕੀਤੇ। ਕੋਈ ਜਵਾਬ ਨਾ ਮਿਲਣ ’ਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਵਿਅਕਤੀ ਜਾਣ-ਬੁੱਝ ਕੇ ਵਿਭਾਗੀ ਪਡ਼ਤਾਲ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਪੁਲਿਸ ਕਾਰਵਾਈ ਸਬੰਧੀ ਚਿਤਾਵਨੀ ਦਿੱਤੀ ਗਈ ਪਰ ਕੋਈ ਜਵਾਬ ਨਹੀਂ ਆਇਆ। ਇਸ ਪਿੱਛੋਂ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ।