ਖਾਲੀ ਅਸਾਮੀਆਂ ਭਰਕੇ ਅਤੇ ਕੱਚੇ ਅਧਿਆਪਕ ਤੇ ਕੰਪਿਊਟਰ ਫੈਕਲਿਟੀ ਪੱਕੇ ਕਰਕੇ ਹੀ ਸਿੱਖਿਆ ‘ਚ ਕੋਈ ਸੁਧਾਰ ਸੰਭਵ: ਡੀ.ਟੀ.ਐਫ

 ਡੀ.ਟੀ.ਐੱਫ. ਦੀ ਸਲਾਨਾ ਜਨਰਲ ਕੌਂਸਲ ਦੇ ਫੈਸਲੇ ਅਨੁਸਾਰ, ਅਧਿਆਪਕਾਂ ‘ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ ‘ਤੇ ਪੀੜਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ, ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੱਚੇ ਅਧਿਆਪਕਾਂ, ਨਾਨ ਟੀਚਿੰਗ ਤੇ ਕੰਪਿਊਟਰ ਫੈਕਲਟੀ ਨੂੰ ਪੂਰੇ ਤਨਖਾਹ ਸਕੇਲਾਂ ‘ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ, ਡੀ.ਟੀ.ਐੱਫ. ਦੀ ਸੰਗਰੂਰ ਇਕਾਈ ਵੱਲੋਂ ਐੱਸ ਡੀ ਐੱਮ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਇਨ੍ਹਾਂ ਵਰਗਾਂ ਦੇ ਸੰਘਰਸ਼ਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ, ਸੰਘਰਸ਼ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਡੀਟੀਐੱਫ ਆਗੂਆਂ ਵੱਲੋਂ ਅਧਿਆਪਕ ਮਸਲਿਆਂ ਦੇ ਹੱਲ ਨੂੰ ਲੈਕੇ ਡੀਈਓ (ਸੈ: ਸਿ) ਅਤੇ ਡੀਈਓ ਐਲੀਮੈਂਟਰੀ ਸੰਗਰੂਰ ਨਾਲ ਕੀਤੀ ਗਈ ਮੀਟਿੰਗ ਵੀ ਕੀਤੀ ਗਈ।

ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਪਹਿਲਾਂ ਤੋਂ ਹੀ ਪ੍ਰਕਿਰਿਆ ਅਧੀਨ 35 ਹਜਾਰ ਤੋਂ ਵਧੇਰੇ ਅਸਾਮੀਆਂ, ਜਿਨ੍ਹਾਂ ਵਿੱਚ ਪ੍ਰੀ-ਪ੍ਰਾਇਮਰੀ ਦੀ 8393, ਈ.ਟੀ.ਟੀ. ਦੀ 2364, 6635 + 22 ਅਤੇ 5994 ਭਰਤੀ, ਮਾਸਟਰ ਕਾਡਰ ਦੀ 4161, ਪੀ.ਟੀ.ਆਈ. ਦੀ 643, ਆਰਟ ਐਂਡ ਕਰਾਫਟ, ਲੈਕਚਰਾਰ ਦੀ 343 ਭਰਤੀ, ਕਲਰਕਾਂ ਦੀ ਭਰਤੀ ਅਤੇ 25% ਸਿੱਧੀ ਭਰਤੀ ਕੋਟੇ ਅਨੁਸਾਰ ਸਕੂਲ ਮੁੱਖੀਆਂ ਦੀ ਭਰਤੀ ਸ਼ਾਮਿਲ ਹੈ, ਦੀ ਪ੍ਰਕਿਰਿਆ ਮੁਕੰਮਲ ਕਰਕੇ ਫੌਰੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਲੋੜ ਹੈ।

ਇਸ ਤੋਂ ਇਲਾਵਾ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ, ਦਰਜ਼ਾ ਚਾਰ ਤੋਂ ਲੈ ਕੇ ਪ੍ਰਿੰਸੀਪਲਜ਼ ਤੱਕ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਨਵੇਂ ਇਸ਼ਤਿਹਾਰ ਜਾਰੀ ਕੀਤੇ ਜਾਣ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਅਮਲੇ ਦੀ ਘਾਟ ਪੂਰੀ ਹੋ ਸਕੇ ਅਤੇ ਇਸੇ ਤਰ੍ਹਾਂ ਓਵਰ-ਏਜ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਉੱਪਰਲੀ ਉਮਰ ਹੱਦ ਵਿੱਚ ਬਣਦੀ ਛੋਟ ਦਿੱਤੀ ਜਾਵੇ।

ਡੀਟੀਐਫ ਆਗੂਆਂ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ ਅਤੇ ਕਮਲਜੀਤ ਬਨਭੌਰਾ ਨੇ ਮੰਗ ਕੀਤੀ ਗਈ ਸਾਰੇ ਕੱਚੇ ਅਧਿਆਪਕਾਂ ਸਮੇਤ ਸਿੱਖਿਆ ਵਲੰਟੀਅਰ, ਪ੍ਰੋਵਾਇਡਰ, ਐੱਨ.ਐੱਸ.ਕਿਊ.ਐੱਫ., ਆਈ.ਈ.ਆਰ.ਟੀ ਅਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਪੰਜਾਬ ਸਰਕਾਰ ਦੀ 100 ਫੀਸਦੀ ਫੰਡਿੰਗ ਵਾਲੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੇ ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਇਹਨਾਂ ‘ਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਲਾਭ ਲਾਗੂ ਕੀਤੇ ਜਾਣ।

ਆਦਰਸ਼ ਸਕੂਲ ਅਤੇ ਮੈਰੀਟੋਰੀਅਸ ਸਕੂਲ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਪਿਛਲੇ ਇਕ ਦਹਾਕੇ ਤੋਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕੀਤੀ ਜਾਵੇ। ਇੱਕ ਹੀ ਭਰਤੀ ਇਸ਼ਤਿਹਾਰ ‘ਤੇ ਲਾਗੂ ਕੀਤੇ ਦੋ ਤਰ੍ਹਾਂ ਦੇ ਤਨਖਾਹ ਸਕੇਲ ਰੱਦ ਕਰਕੇ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਕੀਤੀਆਂ ਜਾਣ। ਮਿਤੀ 17-7-20 ਤੋਂ ਬਾਅਦ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।

ਡੀਟੀਐੱਫ ਆਗੂਆਂ ਦੀਨਾ ਨਾਥ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਐੱਨ.ਪੀ.ਐੱਸ. ਮੁਲਾਜ਼ਮਾਂ ਦੀ ਸਮੂਹਿਕ ਅਵਾਜ਼ ਤੇ ਹੱਕੀ ਮੰਗ ਨੂੰ ਪਹਿਲ ਅਧਾਰਿਤ ਵਿਚਾਰਦੇ ਹੋਏ, ਮਿਤੀ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਲਾਗੂ ਬਜ਼ਾਰੂ ਜੋਖਮਾਂ ਅਧਾਰਿਤ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਸਮਾਜਿਕ, ਆਰਥਿਕ ਅਤੇ ਬੁਢਾਪਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ, ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਮੁੜ ਬਹਾਲ ਕੀਤਾ ਜਾਵੇ। ਇਸੇ ਮੰਗ ਨੂੰ ਲੈ ਕੇ 9 ਜੁਲਾਈ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਅਗਵਾਈ ਵਿਚ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾਈ ਕਨਵੈਨਸ਼ਨ ਅਤੇ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦਾ ਵੀ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਗਿਆ।

News Patiala

Leave a Reply

Your email address will not be published. Required fields are marked *