ਸਮਾਣਾ ਅਨਾਜ ਮੰਡੀ ‘ਚ ਕਣਕ ਦੀ ਖਰੀਦ ਰਹੀ ਬੰਦ
Samana News : ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਲਈ ਰੱਖੇ ਮਾਪਦੰਡ ਨਰਮ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਥਾਨਕ ਖਰੀਦ ਏਜੰਸੀਆਂ ਵੱਲੋਂ ਮਾਰਕੀਟ ਕਮੇਟੀ ਸਮਾਣਾ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਤੇ 19 ਖਰੀਦ ਕੇਂਦਰਾਂ ‘ਚ ਕਣਕ ਦੀ ਬੋਲੀ ਦਿਨ ਭਰ ਬੰਦ ਰੱਖੀ ਗਈ। ਇਸ ਤੋਂ ਬਾਅਦ ਫੂਡ ਕਾਰਪੋਰੇਸ਼ਨ ਆਫ ਇੰਡੀਆ ਚੰਡੀਗੜ੍ਹ ਰੀਜਨ ਤੋਂ ਕੁਆਲਿਟੀ ਹੈੱਡ ਕੰਟਰੋਲਰ ਮੋਹਨ ਲਾਲ ਦੀ ਅਗਵਾਈ ‘ਚ ਕੁਆਲਿਟੀ ਕੰਟਰੋਲ ਅਸ਼ੋਕ ਕੁਮਾਰ ਤੇ ਏਜੀਐੱਮ ਦੀਪਾ ਸਿੰਘ ਸਣੇ ਚਾਰ ਮੈਂਬਰੀ ਐੱਫਸੀਆਈ ਟੀਮ ਨੇ ਅਨਾਜ ਮੰਡੀ ਸਮਾਣਾ ਪਹੁੰਚ ਕੇ ਕਣਕ ਜਾਂਚ ਲਈ ਸੈਂਪਲ ਇਕੱਠੇ ਕੀਤੇ। ਮੰਡੀ ‘ਚ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਸਰਕਾਰੀ ਹੁਕਮਾਂ ਅਨੁਸਾਰ ਕਣਕ ਸੁਕਾਅ ਕੇ ਮੰਡੀਆਂ ‘ਚ ਲਿਆਏ ਹਨ ਪਰ ਮੰਗਲਵਾਰ ਸਵੇਰੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਬੋਲੀ ਬੰਦ ਕਰ ਦਿੱਤੇ ਜਾਣ ਕਾਰਨ ਉਹ ਕਾਫੀ ਪੇ੍ਸ਼ਾਨ ਹੋ ਰਹੇ ਹਨ। ਮਾਰਕੀਟ ਕਮੇਟੀ ਅਧਿਕਾਰੀ ਭੀਮ ਦੁਆ ਅਨੁਸਾਰ ਅਨਾਜ ਮੰਡੀ ਸਣੇ ਖਰੀਦ ਕੇਂਦਰਾਂ ‘ਚ ਕਰੀਬ ਦੋ ਲੱਖ ਤੋਂ ਵੀ ਵੱਧ ਬੋਰੀ ਕਣਕ ਵਿਕਣ ਲਈ ਪਈ ਹੈ। ਜਦੋਂ ਕਿ ਫੂਡ ਸਪਲਾਈ ਅਧਿਕਾਰੀ ਨਿਖਿਲ ਵਾਲੀਆ ਨੇ ਦੱਸਿਆ ਕਿ ਕੇਂਦਰ ਦੀ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਕਣਕ ਖਰੀਦ ਲਈ ਰੱਖੀਆਂ ਸ਼ਰਤਾਂ ਕਾਫ਼ੀ ਸਖ਼ਤ ਹਨ।