Patiala News Today: ਪੰਜਾਬ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ੇ ਨੂੰ ਖਤਮ ਕਰਨ ਲਈ ਛੇੜੀ ਮੁਹਿੰਮ ਦਾ ਅਸਰ ਬਨੂੜ ਖੇਤਰ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਪੰਚਾਇਤਾਂ ਨੇ ਆਪਣੇ ਪੱਧਰ ‘ਤੇ ਇਕੱਠ ਕਰ ਕੇ ਪਿੰਡ ਵਿਚ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਹੈ। ਪਿੰਡ ਮਨੋਲੀ ਸੂਰਤ ਦੇ ਸਰਪੰਚ ਨੈਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਛੇੜੀ ਮੁਹਿੰਮ ਤਹਿਤ ਬੁੱਧਵਾਰ ਨੂੰ ਪਿੰਡ ਪੱਧਰ ‘ਤੇ ਮੀਟਿੰਗ ਬੁਲਾਈ। ਇਸ ਮੀਟਿੰਗ ‘ਚ ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਨੇ ਸਮੂਲੀਅਤ ਕੀਤੀ। ਨੈਬ ਸਿੰਘ ਨੇ ਕਿਹਾ ਇਸ ਮੌਕੇ ਸਾਂਝੇ ਤੌਰ ‘ਤੇ ਲਿਖਿਤ ਮਤਾ ਪਾਸ ਕੀਤਾ ਗਿਆ ਕਿ ਪਿੰਡ ‘ਚ ਨਾ ਤਾਂ ਕੋਈ ਨਸ਼ਾ ਵੇਚੇਗਾ ਅਤੇ ਨਾ ਹੀ ਨਸ਼ਾ ਕਰੇਗਾ। ਨਸ਼ਾ ਕਰਨ ਅਤੇ ਵੇਚਣ ਵਾਲੇ ਦੋਨੋਂ ਹੀ ਜੁਰਮ ਦੇ ਅਪਰਾਧੀ ਹਨ। ਉਨਾਂ੍ਹ ਅੱਗੇ ਕਿਹਾ ਕਿ ਇਹੀ ਨਹੀ ਇਸ ਤੋਂ ਇਲਾਵਾ ਪਿੰਡ ਵਿਚ ਜੇਕਰ ਬਾਹਰ ਤੋਂ ਕੋਈ ਨਸ਼ਾ ਵੇਚਣ ਆਉਂਦਾ ਉਸ ‘ਤੇ ਅਤੇ ਉਸ ਦਾ ਸਾਥ ਦੇਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਰਪੰਚ ਨੈਬ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਤਾਂ ਉਹ ਪਿੰਡ ਪੱਧਰ ਤੇ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਨੂੰ ਨਸਾ ਛਡਾਉ ਕੇਂਦਰ ਵਿਚ ਭੇਜ ਕੇ ਉਸ ਦੇ ਨਸ਼ਾ ਦੀ ਲੱਤ ਨੂੰ ਛੁਡਾਇਆ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨਾਂ ਵੱਲੋਂ ਆਪਣੇ ਪੱਧਰ ਤੇ ਪਿੰਡ ਵਿਚ ਨਸ਼ੇ ਖਤਮ ਕਰਨ ਲਈ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਣਗੇ। ਇਸ ਵਿਚ ਨਸ਼ੇ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਦਰਸ਼ਾਉਂਦੇ ਨਾਟਕ ਮੰਡਲੀਆਂ ਅਤੇ ਬੁੱਧੀਜੀਵੀਆਂ ਦਾ ਸਾਥ ਲਿਆ ਜਾਵੇਗਾ। ਇਹੀ ਨਹੀ ਪਿੰਡ ਵਾਸੀਆਂ ਨੇ ਕਿਹਾ ਕਿ ਬਨੂੜ ਖੇਤਰ ਵਿਚ ਵੱਡੇ ਪੱਧਰ ਤੇ ਨਸ਼ਾ ਵਿੱਕ ਰਿਹਾ ਹੈ ਸੂਬਾ ਸਰਕਾਰ ਵੱਲੋਂ ਭਾਵੇਂ ਨਸ਼ੇ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਇਸ ਦਾ ਅਸਰ ਘੱਟ ਹੀ ਵੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਦੇ ਚਲਦੇ ਉਨਾਂ ਨੂੰ ਆਪਣੇ ਪਿੰਡ ਦੀ ਜਵਾਨੀ ਨੂੰ ਭੈੜੀ ਲੱਤ ਤੋਂ ਬਚਾਉਣ ਲਈ ਸਰਬਸੰਮਤੀ ਨਾਲ ਇਹ ਮਤਾ ਪਾਸ ਕਰਨਾ ਪਿਆ। ਇਸ ਮੌਕੇ ਹੀਰਾ ਸਿੰਘ, ਅਸ਼ੋਕ ਕੁਮਾਰ, ਹਰੀ ਸਿੰਘ, ਦਵਿੰਦਰ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ ਪੰਚ, ਸੀਮਾ ਰਾਣੀ, ਸੁਰਿੰਦਰ ਸਿੰਘ, ਬਹਾਦਰ ਸਿੰਘ, ਸਨਵੀਰ ਸੋਨੀ, ਕੁਲਵੀਰ ਸਿੰਘ, ਸਾਹਿਬ ਸਿੰਘ ਫੌਜੀ ਮੌਜੂਦ ਸਨ।