35 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਇਮਾਰਤ
ਚਾਰ ਸਾਲ ਬਾਅਦ ਵੀ ਨਾ ਖੁੱਲ੍ਹੀ ਮੈਡੀਕਲ ਕਾਲਜ ਦੀ ਨਵੀਂ ਇੰਸਟੀਚਿਊਟ ਇਮਾਰਤ
Patiala News: ਪੰਜਾਬ ਸਰਕਾਰ ਵੱਲੋਂ ਮੈਡੀਕਲ ਖੇਤਰ ‘ਚ ਵਿਦਿਆਰਥੀਆਂ ਦੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ-ਵੱਡੇ ਐਲਾਨ ਤਾਂ ਕੀਤੇ ਜਾ ਰਹੇ ਹਨ। ਇਨ੍ਹਾਂ ਐਲਾਨਾਂ ਨੂੰ ਅਸਲ ਰੂਪ ਦੇਣ ਲਈ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੂਰੇ ਹੋ ਚੁੱਕੇ ਪ੍ਰਰਾਜੈਕਟ ਵੀ ਸ਼ੁਰੂ ਨਹੀਂ ਹੋ ਸਕੇ ਹਨ। ਅਜਿਹੇ ਹੀ ਹਲਾਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ‘ਚ 35 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਬਹੁ-ਮੰਜ਼ਿਲਾਂ ਨਵੀਂ ਇੰਸਟੀਚਿਊਟ ਇਮਾਰਤ ਦੇ ਹਨ। ਇਮਾਰਤ ਦਾ ਕਾਰਜ ਚਾਰ ਸਾਲ ਪਹਿਲਾਂ ਪੂਰਾ ਹੋ ਚੁੱਕਿਆ ਹੈ ਪਰ ਹਾਲੇ ਤਕ ਫ਼ਰਨੀਚਰ ਦੀ ਘਾਟ ਕਾਰਨ ਵਿਦਿਆਰਥੀਆਂ ਦੀਆਂ ਜਮਾਤਾਂ ਸ਼ੁਰੂ ਨਹੀਂ ਸਕੀਆਂ ਹਨ।
ਜਾਣਕਾਰੀ ਅਨੁਸਾਰ ਮੈਡੀਕਲ ਕਾਲਜ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਾਉਣ ਲਈ 35 ਕਰੋੜ ਦੀ ਲਾਗਤ ਨਾਲ ਮੈਡੀਕਲ ਕਾਲਜ ਵਿਖੇ ਇੰਸਟੀਚਿਊਟ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਸਰਕਾਰ ਵੱਲੋਂ ਕਾਲਜ ਵਿਚ 150 ਤੋਂ ਵਧਾ ਕੇ 225 ਸੀਟਾਂ ਵਿਦਿਆਰਥੀਆਂ ਦੀਆਂ ਐੱਮਐੱਮਬੀਬੀਐੱਸ ‘ਚ ਵੀ ਵਧਾ ਦਿੱਤੀਆਂ ਗਈਆਂ ਸਨ। ਪੁਰਾਣੇ ਲੈਕਚਰ ਹਾਲਾਂ ‘ਚ ਇੱਕੋ ਸਮੇਂ ‘ਚ 150 ਵਿਦਿਆਰਥੀ ਬੈਠ ਸਕਦੇ ਸਨ ਪਰ ਇਨਾਂ੍ਹ ਸੀਟਾਂ ਦੇ ਵੱਧਣ ਨਾਲ ਇੰਸਟੀਚਿਊਟ ਦੀ ਇਮਾਰਤ ਦੇ ਲੈਕਚਰ ਹਾਲਾਂ ਦੀਆਂ ਸੀਟਾਂ 225 ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਵਧਾਈਆਂ ਗਈਆਂ ਸਨ। ਇਮਾਰਤ ਦੇ ਨਿਰਮਾਣ ਦਾ ਸਮਾਂ 2018 ਵਿਚ ਪੂਰਾ ਕਰਨ ਲਈ ਮਿੱਥਿਆ ਗਿਆ ਸੀ ਪਰ ਚਾਰ ਸਾਲ ਲੰਘ ਜਾਣ ਦੇ ਬਾਵਜੂਦ ਵੀ ਵਿਦਿਆਰਥੀ ਪੁਰਾਣੇ ਲੈਕਚਰ ਹਾਲਾਂ ‘ਚ ਹੀ ਬੈਠਣ ਲਈ ਮਜਬੂਰ ਹਨ। ਹਾਲਾਂਕਿ ਕਾਲਜ ਪ੍ਰਸ਼ਾਸਨ ਵੱਲੋਂ ਕੁੱਝ ਵਿਭਾਗਾਂ ਨੂੰ ਤਾਂ ਨਵੀਂ ਇਮਾਰਤ ‘ਚ ਸ਼ਿਫ਼ਟ ਕਰ ਦਿੱਤਾ ਹੈ ਪਰ ਲੈਕਚਰ ਹਾਲ ਹਾਲੇ ਤਕ ਵੀ ਸ਼ੁਰੂ ਨਹੀਂ ਹੋ ਸਕੇ ਹਨ। ਜੇਕਰ ਆਉਣ ਵਾਲੇ ਦਿਨਾਂ ‘ਚ ਕੰਮ ਮੁਕੰਮਲ ਨਾ ਹੋ ਸਕਿਆ ਤਾਂ ਵਿਦਿਆਰਥੀਆਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।