ਭਵਾਨੀਗੜ੍ਹ ਨੇੜਲੇ ਪਿੰਡ ਭੱਟੀਵਾਲ ਕਲਾਂ ਗੁਟਕਾ ਸਾਹਿਬਾਂ ਦੀ ਬੇਅਦਬੀ Gutka Sahib beadbi punjab

 ਭਵਾਨੀਗੜ੍ਹ, 13 ਜਨਵਰੀ, 2022 : ਭਵਾਨੀਗੜ੍ਹ ਦੇ ਨੇੜਲੇ ਪਿੰਡ ਭੱੱਟੀਵਾਲ ਕਲਾਂ ‘ਚ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਨੇੜੇ ਖੇਤਾਂ ‘ਚ ਬਣੀ ਸ਼ਹੀਦਾਂ ਦੀ ਸਮਾਧ ‘ਤੇ ਪਏ 3 ਗੁਟਕਾ ਸਾਹਿਬਾਂ ‘ਚੋਂ ਦੋ ਦੀ ਬੇਦਅਬੀ ਹੋਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ।

ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਵੱਲੋੰ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਜਿਸ ਉਪਰੰਤ ਪੁਲਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਖਿਲਰੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਅਧੀਨ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਮੰਦਭਾਗੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚੇਤ ਸਿੰਘ, ਸੁਰਜੀਤ ਸਿੰਘ, ਸੋਹਣ ਸਿੰਘ, ਸ਼ਿਵਦਿਆਲ ਸਿੰਘ ਸਾਬਕਾ ਪੰਚ, ਮੋਹਨ ਸਿੰਘ, ਬਾਰੂ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਨਰੈਣਗੜ ਨੂੰ ਜਾਂਦੀ ਸੜਕ ਨੇੜੇ ਸੁਰਜੀਤ ਸਿੰਘ ਅਤੇ ਸੋਹਣ ਸਿੰਘ ਦੇ ਖੇਤਾਂ ‘ਚ ਸ਼ਹੀਦਾਂ ਦੀ ਸਮਾਧ ਬਣੀ ਹੋਈ ਹੈ ਜਿੱਥੇ ਲੋਕ ਮੱਥਾ ਟੇਕਦੇ ਹਨ ਤੇ ਸਮਾਥ ਨੇੜੇ ਬਣੇ ਕਮਰਿਆਂ ਨੂੰ ਸੰਗਤ ਵੱਲੋੰ ਦਸਵੀਂ ਵਾਲੇ ਦਿਨ ਹੀ ਖੋਲ੍ਹਿਆ ਜਾਂਦਾ ਹੈ। ਸਮਾਧ ਨੇੜੇ ਬਣੀ ਅਲਮਾਰੀ ਵਿਚ ਧਾਰਮਿਕ ਗੁਟਕਾ ਸਾਹਿਬ ਰੱਖੇ ਹੋਏ ਸਨ ਤੇ ਸੰਗਤ ਵੱਲੋਂ ਗੁਰਬਾਣੀ ਪੜੀ ਜਾਂਦੀ ਹੈ। 

ਉਨ੍ਹਾਂ ਕਿਹਾ ਕਿ ਲੋਕਾਂ ਨੇ ਦੱਸਿਆ ਕਿ ਅੱਜ ਦਸਵੀਂ ਕਰਕੇ ਜਦੋਂ ਸੰਗਤ ਉੱਥੇ ਮੱਥਾ ਟੇਕਣ ਲਈ ਆਈ ਤਾਂ ਦੇਖਿਆ ਕਿ ਉੱਥੇ ਪਏ 3 ਗੁਟਕਾ ਸਾਹਿਬਾਂ ‘ਚੋਂ 1 ਗੁਟਕਾ ਸਾਹਿਬ ਦੇ ਪੱਤਰੇ ਗਾਇਬ ਸਨ ਸਿਰਫ਼ ਜਿਲਦ ਪਈ ਸੀ ਅਤੇ ਦੂਜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨੇੜੇ ਹੀ ਖਿਲਾਰੇ ਪਏ ਸਨ ਤੇ ਜਦੋਂਕਿ ਤੀਜੇ ਗੁਟਕਾ ਸਾਹਿਬ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਸੀ। ਇਸ ਤੋੰ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਵੱਲੋਂ ਸਮਾਧ ਦੇ ਗੋਲਕ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਾ ਹੋ ਸਕੇ।

ਘਟਨਾ ਸਬੰਧੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਗੁਟਕਾ ਸਾਹਿਬ ਨੂੰ ਆਪਣੇ ਅਧੀਨ ਕਰਕੇ ਗੁਟਕਾ ਸਾਹਿਬ ਬਿਰਦ ਹੋਣ ਕਾਰਨ ਦਮਦਮਾ ਸਾਹਿਬ ਭੇਜ ਦਿੱਤੇ ਗਏ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਪੁਲਸ ਨੇ ਕਾਰਵਾਈ ਕਰਦਿਆਂ ਮਾਮਲੇ ਸਬੰਧੀ ਧਾਰਾ 295 ਤੇ 457 ਅਧੀਨ ਪਰਚਾ ਦਰਜ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਉੱਧਰ, ਸਿੱਖ ਪ੍ਰਚਾਰਕ ਅਤੇ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੇਅਦਬੀ ਦੀ ਇਸ ਘਟਨਾ ਦੀ ਨਿਖ਼ੇਧੀ ਕਰਦਿਆਂ ਆਖਿਆ ਕਿ ਗੁਟਕਾ ਸਾਹਿਬ ਨੂੰ ਇਸ ਤਰ੍ਹਾਂ ਸੁਨਸਾਨ ਥਾਂ ’ਤੇ ਰੱਖ ਕੇ ਆਉਣਾ ਵੀ ਮੰਦਭਾਗਾ ਹੈ ਕਿਉਂਕਿ ਜੇਕਰ ਸੰਗਤ ਸੁਰੱਖਿਆ ਨਹੀਂ ਕਰ ਸਕਦੀ ਤਾਂ ਗੁਟਕਾ ਸਾਹਿਬ ਨੂੰ ਉੱਥੇ ਨਹੀਂ ਰੱਖਣਾ ਚਾਹੀਦਾ ਸੀ।

Gutka Sahib beadbi punjab
Gutka Sahib beadbi punjab

Leave a Reply

Your email address will not be published. Required fields are marked *