News Patiala : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਮਹੀਨੇ 2 ਲੱਖ 19 ਹਜ਼ਾਰ 73 ਦੇ ਕਰੀਬ ਲਾਭਪਾਤਰੀਆਂ ਨੂੰ ਪ੍ਰਤੀ ਲਾਭਪਾਤਰੀ 1500 ਰੁਪਏ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜੁਲਾਈ ਮਹੀਨੇ ਦੀ ਕੁਲ ਪੈਨਸ਼ਨ 32 ਕਰੋੜ 86 ਲੱਖ 9500 ਰੁਪਏ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਭੇਜੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਸਕੀਮ ਹੇਠ ਜ਼ਿਲ੍ਹੇ ਦੇ 149165 ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ ਜੋ ਕਿ ਕੁਲ 22 ਕਰੋੜ 37 ਲੱਖ 47 ਹਜ਼ਾਰ 500 ਰੁਪਏ ਬਣਦੀ ਹੈ। ਇਸੇ ਤਰਾਂ ਹੀ ਵਿਧਵਾ ਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਹਾਇਤਾ ਸਕੀਮ ਹੇਠ 39489 ਲਾਭਪਾਤਰੀਆਂ ਨੂੰ ਵੀ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਦੇ 5 ਕਰੋੜ 92 ਲੱਖ 33 ਹਜ਼ਾਰ 500 ਰੁਪਏ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
ਜਦੋਂ ਕਿ ਆਸ਼ਰਿਤ ਬੱਚਿਆ ਲਈ ਵਿੱਤੀ ਸਹਾਇਤਾ ਸਕੀਮ ਤਹਿਤ ਜ਼ਿਲ੍ਹੇ ਦੇ 12688 ਬੱਚਿਆਂ ਨੂੰ ਵੀ 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1 ਕਰੋੜ 90 ਲੱਖ 32 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਇਸ ਤੋਂ ਬਿਨਾਂ ਦਿਵਿਆਂਜਨ ਵਿਅਕਤੀਆਂ ਲਈ ਵਿੱਤੀ ਸਹਾਇਤਾ ਸਕੀਮ ਤਹਿਤ 17731 ਲਾਭਪਾਤਰੀਆਂ ਨੂੰ ਵੀ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਦੇ 2 ਕਰੋੜ 65 ਲੱਖ 96 ਹਜ਼ਾਰ 500 ਰੁਪਏ ਰਾਸ਼ੀ ਸਿੱਧੀ ਉਨਾਂ ਦੇ ਬੈਂਕ ਖਾਤਿਆਂ ‘ਚ ਭੇਜੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜਿਸ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ। ਉਸਦੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਹੈ। ਉਨਾਂ੍ਹ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵੱਲੋਂ ਜੁਲਾਈ ਅਤੇ ਅਗਸਤ ਦੌਰਾਨ ਸੀ.ਡੀ.ਪੀ.ਓਜ਼ ਰਾਹੀਂ ਜ਼ਿਲ੍ਹੇ ਦਾ ਸਰਵੇ ਕਰਵਾਇਆ ਗਿਆ ਸੀ। ਜਿਸ ‘ਚ ਕੁੱਲ 4527 ਲਾਭਪਾਤਰੀ ਮਿ੍ਤਕ ਪਾਏ ਗਏ। ਜਿਨਾਂ ਦੀ ਪੈਨਸ਼ਨ ਰੋਕ ਕੇ ਵੱਖ-ਵੱਖ ਬੈਂਕਾਂ ਨਾਲ ਮਿਲਾਣ ਕਰਨ ਉਪਰੰਤ ਕੁੱਲ 4 ਕਰੋੜ 35 ਲੱਖ 8 ਹਜ਼ਾਰ 752 ਰੁਪਏ ਦੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਈ ਗਈ।