ਜ਼ਿਲ੍ਹਾ ਪੱਧਰੀ ਸਲਾਹਕਾਰ ਰੀਵਿਊ ਕਮੇਟੀ ਦੀ ਮੀਟਿੰਗ ਦੌਰਾਨ ਵੱਖ ਵੱਖ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ
— ਲੋਕਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ‘ਚ ਬੈਂਕਾਂ ਦੀ ਅਹਿਮ ਭੂਮਿਕਾ – ਵਧੀਕ ਡਿਪਟੀ ਕਮਿਸ਼ਨਰ
— ਸਲਾਨਾ ਕਰਜ਼ਾ ਯੋਜਨਾ ਦੇ ਟੀਚੇ ਹਰ ਹਾਲ ਪੂਰੇ ਕੀਤੇ ਜਾਣ
— ਬੈਂਕ ਸਰਕਾਰੀ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਯੋਗ ਲੋਕਾਂ ਨੂੰ ਦਿਵਾਉਣ ਲਈ ਯਤਨ ਕਰਨ
ਜ਼ਿਲ੍ਹੇ ਦੇ ਬੈਂਕਾਂ ਵਲੋਂ ਚੋਥੇ ਤਿਮਾਹੀ ਦੌਰਾਨ ਤਰਜੀਹੀ ਖੇਤਰ/ਗੈਰ ਤਰਜੀਹੀ ਖੇਤਰਾਂ ਵਿੱਚ 934 ਕਰੋੜ ਰੁਪਏ ਦੇ ਕਰਜ਼ੇ ਵੰਡੇ : ਲੀਡ ਬੈਂਕ ਮੈਨੇਜ਼ਰ
ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਖੇਤਰ ਲਈ 617ਕਰੋੜ ਰੁਪਏ ਦੇ ਕਰਜ਼ੇ ਵੰਡੇ : ਜ਼ਿਲ੍ਹਾ ਲੀਡ ਬੈਂਕ ਮੈਨੇਜਰ
ਮਾਲੇਰਕੋਟਲਾ 01 ਜੁਲਾਈ :
ਲੋਕਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ‘ਚ ਬੈਂਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਲਈ ਲੋੜਵੰਦ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨ ਤੇ ਬੇਰੋਜ਼ਗਾਰਾਂ ਦਾ ਹੱਥ ਫੜਨ ਲਈ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈਣ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਆਫ਼ਿਸ ਮਲੇਰਕੋਟਲਾ ਵੱਲੋਂ ਜ਼ਿਲ੍ਹਾ ਸਲਾਹਕਾਰ ਸੰਮਤੀ, ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਅਤੇ ਜ਼ਿਲ੍ਹਾ ਲੈਵਲ ਸਕਿਉਰਿਟੀ ਸੰਮਤੀ ਦੀ ਪ੍ਰਧਾਨਗੀ ਕਰਦਿਆ ਕੀਤਾ । ਉਨ੍ਹਾਂ ਜ਼ਿਲ੍ਹੇ ਦੇ ਬੈਂਕਾਂ ਦੀ ਸਲਾਘਾ ਕਰਦਿਆ ਕਿਹਾ ਕਿ ਵਿੱਤੀ ਸਾਲ 2021-22 ਦੌਰਾਨ ਵੱਖ ਵੱਖ ਸਕੀਮਾਂ ਅਧੀਨ ਜ਼ਿਲ੍ਹੇ ਦੇ ਬੈਂਕਾਂ ਵਲੋਂ ਆਪਣੇ ਨਿਰਧਾਰਿਤ ਟੀਚੇ ਤੋਂ 133 ਫੀਂਸਦੀ ਟੀਚੇ ਦੀ ਪ੍ਰਾਪਤ ਕੀਤੇ । ਉਨ੍ਹਾਂ ਆਸ ਕੀਤੀ ਕਿ ਵਿੱਤੀ ਸਾਲ 2022-23 ਦੌਰਾਨ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਉਣਗੇ ।
ਉਨ੍ਹਾਂ ਕਿਹਾ ਕਿ ਕਈ ਵਾਰ ਲੋੜਵੰਦ ਲੋਕ ਇਹਨਾਂ ਸਕੀਮਾਂ ਦਾ ਲਾਭ ਲੈਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਉਹਨਾਂ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ । ਬੈਂਕਾਂ ‘ਤੇ ਲੋਕਾਂ ਦੀਆਂ ਬਹੁਤ ਉਮੀਦਾਂ ਹੁੰਦੀਆਂ ਹਨ, ਇਸ ਲਈ ਸਮੂਹ ਬੈਕਿੰਗ ਅਧਿਕਾਰੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਹੋਏ, ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ। ਉਨ੍ਹਾਂ ਸੁਰੱਖਿਆ ਲਈ ਰਿਜਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੈਂਕਾਂ ਨੂੰ ਵਿੱਤੀ ਜਾਗਰੂਰਕਤਾ ਸਬੰਧੀ ਕੈਂਪ ਵੀ ਲਗਾਉਣ ਦੀ ਅਪੀਲ ਕੀਤੀ ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਪੀ.ਕੇ. ਚੋਪੜਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ ਵਿੱਤੀ ਵਰਾ 2021-22 ਦੀ ਯੋਜਨਾ ਅਧੀਨ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਤਰਜੀਹੀ ਖੇਤਰ/ਗੈਰ ਤਰਜੀਹੀ ਖੇਤਰਾਂ ਵਿੱਚ 934 ਕਰੋੜ ਰੁਪਏ ਦੇ ਕਰਜ਼ੇ ਵੰਡੇ। ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਖੇਤਰ ਲਈ 617 ਕਰੋੜ ਰੁਪਏ ਦੇ ਕਰਜ਼ੇ ਵੰਡੇ। ਹੋਰ ਤਰਜੀਹੀ ਖੇਤਰ ਖੇਤਰ ਵਿੱਚ 147 ਕਰੋੜ ਰੁਪਏ ਅਤੇ ਗੈਰ ਤਰਜੀਹੀ ਖੇਤਰਾਂ ਵਿੱਚ 170 ਕਰੋੜ ਰੁਪਏ ਦੇ ਕਰਜੇ ਵੰਡ ਗਏ ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਪੀ.ਕੇ. ਚੋਪੜਾ ਨੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੀ ਨੁਮਾਇੰਦਗੀ ਕਰਦਿਆ ਇਹ ਯਕੀਨ ਦਵਾਇਆ ਕਿ ਖੇਤੀਬਾੜੀ ਇਨਫਰਾ ਫੰਡ ਅਤੇ ਹੋਰ ਲੋਕ ਭਲਾਈ ਸਕੀਮਾਂ ਤਹਿਤ ਆਉਂਣ ਵਾਲੀਆ ਦਰਖਾਸ਼ਤਾ ਨੂੰ ਤੇਜ਼ੀ ਨਾਲ ਨਿਪਟਾਰਾ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ । ਜ਼ਿਲ੍ਹੇ ਦੀਆਂ ਸਮੂਹ ਬੈਂਕਾਂ ਵੱਲੋਂ ਭਰੋਸਾ ਦਿਵਾਇਆ ਕਿ ਬੈਂਕਾਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋ ਵੱਧ ਕਰਜ਼ੇ ਮੁਹੱਈਆ ਕਰਵਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਵੱਖ ਵੱਖ ਬੈਂਕਾਂ ਦੇ ਮੈਨੇਜਰਾਂ ਤੋਂ ਇਲਾਵਾ ਹੋਰ ਵਿਭਾਗਾਂ ਅਧਿਕਾਰੀ ਵੀ ਮੌਜੂਦ ਸਨ ।