DC visits dysentery affected area Rajpura Patiala

DC visits dysentery affected area Rajpura Patiala
DC visits dysentery affected area Rajpura Patiala


News Patiala Today Live

                ਰਾਜਪੁਰਾ ਨੇੜਲੇ ਪਿੰਡ ਸ਼ਾਮਦੂ ਕੈਂਪ ਵਿਖੇ ਫੈਲੀ ਪੇਚਸ਼ ਦੀ ਬਿਮਾਰੀ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਿੰਡ ਦਾ ਦੌਰਾ ਕੀਤਾ। ਇਥੇ ਪਿਛਲੇ ਦਿਨੀ ਦੋ ਮਾਸੂਮਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਸੀ। 

ਅੱਜ ਮੀਂਹ ਪੈਂਦੇ ’ਚ ਹੀ ਡਿਪਟੀ ਕਮਿਸ਼ਨਰ ਨੇ ਜਿਥੇ ਪੇਚਸ਼ ਦੀ ਲਪੇਟ ’ਚ ਲਾਏ ਪੰਜ ਦਰਜਨ ਦੇ ਕਰੀਬ ਲੋਕਾਂ ਵਿਚੋਂ ਕਈਆਂ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ, ਉਥੇ ਹੀ ਇਸ ਦੌਰਾਨ ਮੌਤ ਦੇ ਮੂੰਹ ਗਏ ਦੋ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਉਨ੍ਹਾਂ ਨੇ ਮੁਲਾਕਾਤ ਕੀਤੀ।

ਡਿਪਟੀ ਕਮਿਸ਼ਨਰ ਨੇ ਫੌਤ ਹੋਏ ਦੋਵੇਂ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਸਮੇਤ ਰੈੱਡ ਕਰਾਸ ਵੱਲੋਂ ਇੱਕ-ਇੱਕ ਮਹੀਨੇ ਦਾ ਰਾਸ਼ਨ ਵੀ ਦਿੱਤਾ।

 ਇਨ੍ਹਾਂ ਬੱਚਿਆਂ ਦੀਆਂ ਮੌਤਾਂ ਬਾਰੇ ਸਿਵਲ ਸਰਜਨ ਪਟਿਆਲਾ ਤੋਂ ਡੈਥ-ਆਡਿਟ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਮਦੂ ਕੈਂਪ ਦੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਪਰ ਮੁਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਬਿਮਾਰ ਹੋਣ ਵਾਲਿਆਂ ਨੇ ਕਿਸੇ ਛਬੀਲ ਤੋਂ ਪਾਣੀ ਪੀਤਾ ਸੀ। ਇਸ ਲਈ ਉਨ੍ਹਾਂ ਨੇ ਪੂਰੇ ਜ਼ਿਲ੍ਹੇ ’ਚ ਹੀ ਛਬੀਲ ਆਦਿ ਲਗਾਉਣ ਤੋਂ ਪਹਿਲਾਂ ਸਬੰਧਤ ਵਿਭਾਗਾਂ ਦੀ ਆਗਿਆ ਲੈਣ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਪਾਣੀ ਦੇ ਅਣ-ਅਧਿਕਾਰਤ ਕੁਨੈਕਸ਼ਨਾਂ ਦੀ ਜਾਂਚ ਕਰਕੇ ਕਾਰਵਾਈ ਰਿਪੋਰਟ ਮੰਗਣ ਸਮੇਤ ਜ਼ਿਲ੍ਹੇ ’ਚ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਸ਼ਾਮਦੂ ਪਿੰਡ ’ਚ ਕੋਈ ਹੋਰ ਬਿਮਾਰ ਨਾ ਹੋਵੇ, ਇਸ ਲਈ ਉਥੇ ਇਕ ਆਰਜ਼ੀ ਡਿਸਪੈਂਸਰੀ ਸਥਾਪਤ ਕੀਤੀ ਗਈ ਹੈ ਅਤੇ ਮੈਡੀਕਲ ਟੀਮਾਂ ਘਰ-ਘਰ ਜਾ ਕੇ ਜਾਂਚ ਕਰ ਰਹੀਆਂ ਹਨ ਅਤੇ ਗੰਭੀਰ ਬਿਮਾਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।

 ਇਸ ਦੇ ਨਾਲ ਹੀ ਪੀਣ ਵਾਲਾ ਸਵੱਛ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡੀ.ਸੀ. ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਹੁੰਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਫ਼ ਪਾਣੀ ਦੇ ਮੁਫ਼ਤ ਕੁਨੈਕਸ਼ਨ ਜ਼ਰੂਰ ਲੈਣ ਦੀ ਅਪੀਲ ਕੀਤੀ ਕਿਉਂਕਿ ਇਨ੍ਹਾਂ ਦਾ ਬਿੱਲ ਸਿਰਫ਼ 50 ਰੁਪਏ ਹੀ ਆਉਂਦਾ ਹੈ। ਉਨ੍ਹਾਂ ਨੇ ਹਸਪਤਾਲ ਜਾ ਕੇ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ-ਚਾਲ ਜਾਣਿਆ।

ਹਸਪਤਾਲ ਵਿੱਚ ਦਾਖਲ ਮਰੀਜ਼ਾਂ ਕੋਲ ਪਹੁੰਚੇ ਸਿਵਲ ਸਰਜਨ

ਇਥੋਂ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ਾ ਦਾ ਅੱਜ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਨੇ ਹਾਲ ਪੁੱਛਿਆ ਅਤੇ ਡਾਕਟਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਬੀਤੇ ਚਾਰ ਦਿਨਾਂ ਦੌਰਾਨ ਪੇਚਸ਼ ਕਾਰਨ ਦੋ ਬੱਚਿਆਂ ਤੇ ਇੱਕ ਔਰਤ ਸਮੇਤ ਚਾਰ ਜੀਆਂ ਦੀ ਮੌਤ ਹੋ ਗਈ ਸੀ। 

ਇਸ ਮਗਰੋਂ ਡਾਕਟਰ ਰਾਜੂ ਧੀਰ ਨੇ ਪਿੰਡ ਸ਼ਾਮਦੂ ਕੈਂਪ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਆਰ.ਓ ਸਿਸਟਮ ਵਾਲਾ ਸਾਫ ਪਾਣੀ ਪੀਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ਦੇ ਵਸਨੀਕ 207 ਮਰੀਜ਼ ਪੇਚਸ਼ ਪੀੜਤ ਪਾਏ ਗਏ ਹਨ। ਅੱਜ ਵੀ ਛੇ ਨਵੇਂ ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਹਨ। ਇਸ ਸਮੇਂ ਹਸਪਤਾਲ ਵਿੱਚ 40 ਮਰੀਜ਼ ਜੇਰੇ ਇਲਾਜ ਹਨ। ਜਾਂਚ ਲਈ ਪਿੰਡ ਵਿੱਚੋਂ ਚਾਰ ਮਰੀਜ਼ਾਂ ਦੇ ਘਰਾਂ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ ਹਨ।

 ਉਨ੍ਹਾਂ ਦੱਸਿਆ ਕਿ ਐਸ.ਐਮ.ਓ ਬਲਾਕ ਕਾਲੋਮਾਜਰਾ ਵੱਲੋਂ ਡਾਕਟਰਾਂ ਦੀ ਟੀਮ ਭੇਜ ਕੇ ਪਿੰਡ ਦੇ ਆਂਗਨਵਾੜੀ ਸੈਂਟਰ ਵਿੱਚ ਲਗਾਇਆ ਵਿਸ਼ੇਸ਼ ਮੈਡੀਕਲ ਕੈਂਪ ਜਾਰੀ ਹੈ ਤੇ ਮਰੀਜ਼ਾਂ ਨੂੰ ਚੈੱਕ ਕਰਕੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਪੀਣ ਲਈ ਜਾਗਰੂਕ ਕੀਤਾ ਅਤੇ ਪਿੰਡ ਵਿੱਚ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ।

Leave a Reply

Your email address will not be published. Required fields are marked *