ਭ੍ਰਿਸ਼ਟਾਚਾਰ ਮਾਮਲਾ: ਧਰਮਸੋਤ ਨਾਲ ਕਿਸੇ ਆਗੂ ਨੇ ਨਹੀਂ ਕੀਤੀ ਮੁਲਾਕਾਤ

News Patiala

News Patiala: 27 June 2022

ਭ੍ਰਿਸ਼ਟਾਚਾਰਦੇ ਮਾਮਲੇ ਵਿੱਚ ਸਾਬਕਾ ਜੰਗਲਾਤ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਗਿਆਂ ਕਰੀਬ ਦੋ ਹਫ਼ਤੇ ਹੋ ਗਏ ਹਨ, ਪਰ ਅਜੇ ਤੱਕ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ’ਤੇ ਸਰਕਾਰੀ ਬੀੜਾਂ ਅਤੇ ਜੰਗਲਾਂ ਵਿੱਚੋਂ ਦਰੱਖ਼ਤ ਵੱਢੇ ਜਾਣ ਲਈ ਕਮਿਸ਼ਨ ਲੈਣ ਸਮੇਤ ਹੋਰ ਅਣਗਹਿਲੀਆਂ ਦੇ ਦੋਸ਼ ਲੱਗੇ ਹਨ। 

 ਇਸ ਸਬੰਧੀ ਦਰਜ ਕੇਸ ਤਹਿਤ ਉਨ੍ਹਾਂ ਨੂੰ 7 ਜੂਨ ਨੂੰ ਅਮਲੋਹ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਛੇ ਦਿਨ ਦੇ ਪੁਲੀਸ ਰਿਮਾਂਡ ਮਗਰੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ ਅਤੇ 14 ਜੂਨ ਤੋਂ ਉਹ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਹਨ।  ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਧਰਮਸੋਤ ਪਹਿਲੀ ਵਾਰ ਸਾਲ 1992 ਵਿੱਚ ਰਾਖਵੇਂ ਹਲਕੇ ਅਮਲੋਹ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਸਨ।  ਇਸ ਮਗਰੋਂ ਉਹ 2012 ਤੇ 2017 ਵਿੱਚ ਨਾਭਾ ਤੋਂ  ਵੀ ਵਿਧਾਇਕ ਬਣੇ ਸਨ। ਹੁਣ ਤੱਕ ਭਾਵੇਂ ਪਰਿਵਾਰਕ ਮੈਂਬਰਾਂ ਸਮੇਤ ਸਥਾਨਕ ਪੱਧਰ ਦੇ ਕੁਝ ਕੁ ਆਗੂ ਤਾਂ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ, ਪਰ ਕਾਂਗਰਸ ਦਾ ਕੋਈ ਵੱੱਡਾ ਆਗੂ ਉਨ੍ਹਾਂ ਤੱਕ ਨਹੀਂ ਬਹੁੜਿਆ। ਇਥੋਂ ਤੱਕ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਜਦਕਿ ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਕਈ ਵੱਡੇ ਆਗੂ ਮੁਲਾਕਾਤ ਕਰ ਚੁੱਕੇ ਹਨ। ਇੱਕ ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਅਸਲ ਵਿੱਚ ਸਾਰੇ ਸਰਕਾਰ ਤੋਂ ਡਰੇ ਹੋਏ ਹਨ। ਹਰੇਕ ਆਗੂ ਡਰ ਰਿਹਾ ਹੈ ਕਿ ਕਿਤੇ ਧਰਮਸੋਤ ਨਾਲ ਮੁਲਾਕਾਤ ਕਰਨ ਕਰ ਕੇ ਉਹ ਵੀ ਸਰਕਾਰ ਦੇ ਨਿਸ਼ਾਨੇ ’ਤੇ ਨਾ ਆ ਜਾਣ।

Leave a Reply

Your email address will not be published. Required fields are marked *