ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ
ਪੁਰਾਣੀ ਵੀਡੀਓ ਪਾ ਕੇ ਭਗਵੰਤ ਮਾਨ ਸਰਕਾਰ ‘ਤੇ ਚੁੱਕੇ ਸਵਾਲ
News Patiala:
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਿੱਧੂ ਮੂਸੇਵਾਲਾ ਨੂੰ ਸਿਆਸਤ ਵਿੱਚ ਲਿਆਉਣ ਵਾਲੇ ਨਵਜੋਤ ਸਿੰਘ ਸਿੱਧੂ ਭਾਵੇਂ ਜੇਲ੍ਹ ਵਿੱਚ ਹਨ ਪਰ ਉਨ੍ਹਾਂ ਦਾ ਟਵਿਟਰ ਅਕਾਊਂਟ ਐਕਟਿਵ ਹੈ, ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ 11 ਦਿਨਾਂ ਬਾਅਦ ਸਰਗਰਮ ਹੋ ਗਿਆ। ਸਰਗਰਮ ਹੁੰਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਪੁਰਾਣੀ ਵੀਡੀਓ ਪਾ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛੇ ਹਨ।
ਜਾਣਕਾਰੀ ਮੁਤਾਬਿਕ ਨਵਜੋਤ ਸਿੰਘ ਸਿੱਧੂ ਦਾ ਟਵਿਟਰ ਅਕਾਊਂਟ ਉਨ੍ਹਾਂ ਦੀ ਟੀਮ ਵੱਲੋਂ ਹੈਂਡਲ ਕੀਤਾ ਜਾ ਰਿਹਾ ਹੈ। ਸਿੱਧੂ ਟੀਮ ਨੇ 6 ਮਈ ਦੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਹੈ ਕਿ ਸਿਰਫ਼ ਪਬਲੀਸਿਟੀ ਸਟੰਟ ਲਈ ਸੁਰੱਖਿਆ ਵਾਪਸ ਲੈ ਕੇ ਪੁਲਿਸ ਦਾ ਸਿਆਸੀਕਰਨ ਨਾ ਕਰੋ। ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਕਾਸ਼ ਮੁਖਮੰਤਰੀ ਨੇ ਸੁਣਿਆ ਹੁੰਦਾ… ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ।
ਸਿੱਧੂ ਦੀ ਥਾਂ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦਾ ਸੋਸ਼ਲ ਮੀਡੀਆ ਖਾਤਾ ਸੰਭਾਲ ਲਿਆ।
ਨਵਜੋਤ ਸਿੰਘ ਸਿੱਧੂ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਸਿੱਧੂ ਜੇਲ੍ਹ ਵਿੱਚ ਹੋਣ ਕਾਰਨ ਇਹ ਪੋਸਟ ਨਹੀਂ ਪਾ ਸਕਦੇ, ਪਰ ਹੁਣ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। 11 ਦਿਨਾਂ ਬਾਅਦ ਟਵਿੱਟਰ ‘ਤੇ ਸਿੱਧੂ ਦਾ ਟਵੀਟ ਪੋਸਟ ਕੀਤਾ ਗਿਆ ਅਤੇ ਉਹ ਟਵੀਟ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਲਈ ਸੀ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਸਨ।