News Patiala: ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਮੁਹੱਲਾ ਕਲੀਨੀਕਾਂ ਖੋਲ੍ਹ ਕੇ ਜਿਥੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਵੱਡੇ ਸਰਕਾਰੀ ਹਸਪਤਾਲਾਂ ‘ਚ ਸਰਕਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਾਉਣ ਲਈ ਵੀ ਅਸਮਰਥ ਦਿਖਾਈ ਦੇ ਰਹੀ ਹੈ। ਅਜਿਹੇ ਹੀ ਹਲਾਤ ਮਾਲਵੇ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੁੱਖ ਐਮਰਜੈਂਸੀ ਦੇ ਬਣੇ ਹੋਏ ਹਨ।
ਜਿਥੇ ਐਮਰਜੈਂਸੀ ਸਮੇਂ ਮਰੀਜ਼ਾਂ ਨੂੰ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਦੀ ਘਾਟ ਹੋਣ ਕਾਰਨ ਬਾਹਰੋਂ ਨਿੱਜੀ ਦੁਕਾਨਦਾਰਾਂ ਦੀ ਲੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਤੇ ਵਾਰਸਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ‘ਚ ਦਵਾਈਆਂ ਦੀ ਸਪਲਾਈ ਸ਼ੁਰੂ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਜਾਣਕਾਰੀ ਅਨੁਸਾਰ ਰਾਜਿੰਦਰਾ ਹਸਪਤਾਲ ਮਾਲਵੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ, ਜਿਥੇ ਪਟਿਆਲਾ ਤੋਂ ਇਲਾਵਾ ਦੂਰ-ਦੁਰਾਡੇ ਸ਼ਹਿਰਾਂ ਤੇ ਸੂਬਿਆਂ ਦੇ ਮਰੀਜ਼ ਵੀ ਆਪਣਾ ਇਲਾਜ ਕਰਾਉਣ ਲਈ ਆਉਂਦੇ ਹਨ।ਜਿਥੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੇ ਇਲਾਜ ਲਈ ਹਰ ਇੱਕ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।
ਪਿਛਲੇ ਇੱਕ ਮਹੀਨੇ ਤੋਂ ਮੁੱਖ ਐਮਰਜੈਂਸੀ ਵਿਚ ਦਵਾਈਆਂ ਦੀ ਘਾਟ ਹੋ ਗਈ ਹੈ, ਜਿਸ ਕਾਰਨ ਮਜ਼ਬੂਰਨ ਮਰੀਜ਼ਾਂ ਤੇ ਵਾਰਸਾਂ ਨੂੰ ਬਾਹਰ ਨਿੱਜੀ ਦਵਾਈਆਂ ਦੀਆਂ ਦੁਕਾਨਾਂ ਤੋਂ ਮਹਿੰਗੇ ਮੁੱਲ ‘ਤੇ ਦਵਾਈਆਂ ਦੀ ਖਰੀਦ ਕਰਨੀ ਪੈ ਰਹੀ ਹੈ। ਇਸ ਸਬੰਧੀ ਨਰਿੰਦਰ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਉਸ ਦੇ ਸਹੁਰੇ ਨੂੰ ਪੇਟ ਦੀ ਬਿਮਾਰੀ ਹੈ, ਜਿਸ ਦੇ ਇਲਾਜ਼ ਲਈ ਉਹ ਇਥੇ ਆਏ ਸਨ। ਉਸ ਦੇ ਸਹੁਰੇ ਦੇ ਪੇਟ ਵਿਚ ਲਗਾਤਾਰ ਦਰਦ ਹੋ ਰਿਹਾ ਸੀ।
ਦਰਦ ਨੂੰ ਕਾਬੂ ਕਰਨ ਲਈ ਐਮਰਜੈਂਸੀ ਦੇ ਵਿਚ ਕੋਈ ਵੀ ਟੀਕਾ ਮੌਜੂਦ ਨਹੀ ਹੈ ਤੇ ਟੀਕੇ ਸਮੇਤ ਹੋਰ ਦਵਾਈਆਂ ਵੀ ਬਾਹਰੋਂ ਹੀ ਖਰੀਦਣੀਆਂ ਪਈਆਂ ਹਨ। ਇਸੇ ਤਰਾਂ ਵਿਕਰਮ ਸਿੰਘ ਵਾਸੀ ਐਸਐਸਟੀ ਨਗਰ, ਪਟਿਆਲਾ ਨੇ ਦਸਿਆ ਲੰਘੇ ਦਿਨੀਂ ਉਸ ਦੇ ਭਰਾ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਦੇ ਸਰੀਰ ਵਿਚ ਪਾਣੀ ਦੀ ਕਮੀਂ ਹੋ ਗਈ ਸੀ, ਜਿਸ ਨੂੰ ਐਮਰਜੈਂਸੀ ਵਿਚ ਦਾਖ਼ਲ ਕਰਾਉਣਾ ਪਿਆ ਸੀ। ਪਰ ਐਮਰਜੈਂਸੀ ਵਿਚ ਮੁਫ਼ਤ ਗੁਲੂਕੋਜ਼ ਤੇ ਹੋਰ ਸਾਮਾਨ ਮੌਜੂਦ ਹੁੰਦਾ ਹੈ ਜੋਕਿ ਐਮਰਜੈਂਸੀ ਵਿਚ ਮੌਜੂਦ ਨਹੀਂ ਸੀ, ਜਿਸ ਕਾਰਨ ਉਸ ਨੂੰ ਬਾਹਰੋਂ ਖਰੀਦ ਕਰਨੀ ਪਈ ਹੈ।
Rajindra Hospital emergency, Lack of medicines, patients upset |