ਕਤਲ ਕਾਂਡ ਨੂੰ ਗੈਂਗ ਵਾਰ ਨਾਲ ਜੋੜਨ ਲਈ ਡੀ.ਜੀ.ਪੀ. ਮੁਆਫ਼ੀ ਮੰਗਣ
30 ਮਈ, 2022:
ਐਤਵਾਰ ਨੂੰ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨਾਮਵਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਪਸ਼ਟ ਕੀਤਾ ਹੈ ਕਿ ਉਹ ਉਨੀ ਦੇਰ ਤਕ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕਰਨਗੇ ਜਿੰਨੀ ਦੇਰ ਸਰਕਾਰ ਇਸ ਕਤਲ ਕਾਂਡ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਕ ਮੌਜੂਦਾ ਜੱਜ ਤੋਂ ਕਰਵਾਈ ਜਾਵੇ।
ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਸ: ਬਲਕੌਰ ਸਿੰਘ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਨਾਂਅ ਲਿਖ਼ੇ ਇਕ ਪੱਤਰ ਵਿੱਚ ਕਿਹਾ ਹੈ ਕਿ ਸਰਕਾਰ ਪੰਜਾਬ ਪੁਲਿਸ ਦੀ ਜਾਂਚ ਦੇ ਨਾਲ ਨਾਲ ਸੀ.ਬੀ.ਆਈ. ਅਤੇ ਐਨ.ਆਈ.ਏ. ਦਾ ਸਹਿਯੋਗ ਵੀ ਯਕੀਨੀ ਬਣਾਏ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਹੀ ਡੀ.ਜੀ.ਪੀ. ਨੇ ਆਈ.ਜੀ. ਪੁਲਿਸ ਦੀ ਅਗਵਾਈ ਵਿੱਚ ਇਕ 3 ਮੈਂਬਰੀ ਐਸ.ਆਈ.ਟੀ. ਦੇ ਗਠਨ ਦਾ ਐਲਾਨ ਕੀਤਾ ਸੀ।
ਪਰਿਵਾਰ ਡੀ.ਜੀ.ਪੀ. ਦੇ ਇਸ ਦਾਅਵੇ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਗੈਂਗਵਾਰ ਦਾ ਨਤੀਜਾ ਹੋ ਸਕਦਾ ਹੈ। ਪਰਿਵਾਰ ਨੇ ਮੁੱਖ ਮੰਤਰੀ ਨੂੰ ਲਿਖ਼ਿਆ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਮਾਮਲੇ ਨੂੰ ਗੈਂਗਸਟਰਾਂ ਦੀ ਲੜਾਈ ਨਾਲ ਜੋੜਨ ਲਈ ਡੀ.ਜੀ.ਪੀ. ਮੁਆਫ਼ੀ ਮੰਗਣ।
ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਪੁੱਤਰ ਨੇ ਪੰਜਾਬ ਦਾ ਨਾਂਅ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਪਰ ਪੰਜਾਬ ਦੇ ਡੀ.ਜੀ.ਪੀ. ਨੇ ਉਸਦੇ ਕਤਲ ਨੂੰ ਗੈਂਗਵਾਰ ਨਾਲ ਜੋੜ ਦਿੱਤਾ ਹੈ। ਇਸ ਲਈ ਡੀ.ਜੀ.ਪੀ. ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।