Patiala ਵਿੱਚ DC ਨੂੰ ਮੰਗ ਪੱਤਰ ਸੌਂਪਣ ’ਤੇ ਅੜੇ ਕਿਸਾਨ

ਕਿਸਾਨਾਂ ਵੱਲੋਂ ਧਰਨੇ ’ਚ ਪੁੱਜੇ ਡੀਸੀ ਦਾ ਸਵਾਗਤ

Patiala ਵਿੱਚ DC ਨੂੰ ਮੰਗ ਪੱਤਰ ਸੌਂਪਣ ’ਤੇ ਅੜੇ ਕਿਸਾਨ

News Patiala, 19 ਅਪਰੈਲ 2022 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਅੱਜ ਇੱਥੇ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਗਾਰੰਟੀ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ। ਜ਼ਿਲ੍ਹਾ ਸਕੱਤਰ ਜਸਵੰਤ ਸਦਰਪੁਰ ਦੀ ਅਗਵਾਈ ਹੇਠ ਲਗਾਏ ਇਸ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਜਸਵਿੰਦਰ ਬਰਾਸ, ਕਰਨੈਲ ਲੰਗ ਤੇ ਗੁਰਦੇਵ ਗੱਜੂਮਾਜਰਾ ਨੇ ਸੰਬੋਧਨ ਕੀਤਾ।

ਇਸ ਮੌਕੇ ਕਿਸਾਨ ਮੰਗ ਪੱਤਰ ਸਿਰਫ਼ ਡੀਸੀ ਨੂੰ ਸੌਂਪਣ ’ਤੇ ਅੜ ਗਏ, ਜਿਸ ਕਾਰਨ ਉਨ੍ਹਾਂ ਅੱਧੀ ਦਰਜਨ ਅਧਿਕਾਰੀਆਂ ਨੂੰ ਬੇਰੰਗ ਮੋੜ ਦਿੱਤਾ। ਦਰਅਸਲ, ਅਧਿਕਾਰੀ ਡੀਸੀ ਰਾਹੀਂ ਮੰਗ ਪੱਤਰ ਦੇਣ ਦੀ ਪਿਰਤ ਨਹੀਂ ਪਾਉਣਾ ਚਾਹੁੰਦੇ ਸਨ ਪਰ ਉਗਰਾਹਾਂ ਜਥੇਬੰਦੀ ਦੇ ਆਗੂ ਆਪਣੀ ਗੱਲ ’ਤੇ ਅੜੇ ਰਹੇ। ਇਸ ਦੌਰਾਨ ਲੰਬੀ ਜੱਦੋ-ਜਹਿਦ ਮਗਰੋਂ ਆਖ਼ਿਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਲੈਣ ਲਈ ਧਰਨੇ ਵਿੱਚ ਆਉਣਾ ਹੀ ਪਿਆ, ਜਿਸ ਮਗਰੋਂ ਹੀ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।

ਜ਼ਿਕਰਯੋਗ ਹੈ ਕਿ ਉਗਰਾਹਾਂ ਜਥੇਬੰਦੀ ਨੇ ਇਹ ਧਰਨਾ ਹੋਰਨਾਂ ਜਥੇਬੰਦੀਆਂ ਤੋਂ ਵੱਖਰਾ ਧਰਨਾ ਡੀਸੀ ਦੇ ਦਫ਼ਤਰੀ ਕਮਰੇ ਤੋਂ ਸੌ ਕੁ ਫਰਲਾਂਗ ਦੇ ਫਾਸਲੇ ’ਤੇ ਲਾਇਆ ਸੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਧਰਨੇ ਦੇ ਸ਼ੁਰੂ ਵਿੱਚ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਡਿਪਟੀ ਕਮਿਸ਼ਨਰ ਕਿਸੇ ਕੰਮ ਕਾਰਨ ਬਾਹਰ ਗਏ ਹਨ ਤਾਂ ਕੋਈ ਹੋਰ ਅਧਿਕਾਰੀ ਮੰਗ ਪੱਤਰ ਹਾਸਲ ਕਰ ਸਕਦਾ ਹੈ ਪਰ ਜੇ ਉਹ ਇੱਥੇ ਹੀ ਹਨ ਤਾਂ ਕਿਸਾਨ ਉਨ੍ਹਾਂ ਨੂੰ ਹੀ ਮੰਗ ਪੱਤਰ ਸੌਂਪਣਗੇ।

ਕਿਸਾਨਾਂ ਵੱਲੋਂ ਧਰਨੇ ’ਚ ਪੁੱਜੇ ਡੀਸੀ ਦਾ ਸਵਾਗਤ

ਮੰਗ ਪੱਤਰ ਲੈਣ ਲਈ ਪਹਿਲਾਂ ਤਹਿਸੀਲਦਾਰ, ਫਿਰ ਐੱਸਡੀਐੱਮ, ਏਡੀਸੀ ਅਤੇ ਕੁਝ ਹੋਰ ਅਧਿਕਾਰੀ ਧਰਨੇ ’ਚ ਪੁੱਜੇ ਪਰ ਕਿਸਾਨਾਂ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਅਧਿਕਾਰੀ ਨੂੰ ਮੰਗ ਪੱਤਰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਹੁਣ ਮਸਲੇ ਹੱੱਲ ਕਰਨ ਲਈ ਅਧਿਕਾਰੀ ਲੋਕਾਂ ਦੇ ਦਰ ’ਤੇ ਦਸਤਕ ਦਿਆ ਕਰਨਗੇ ਪਰ ਇੱਥੇ ਦੇ ਡਿਪਟੀ ਕਮਿਸ਼ਨਰ ਮੰਗ ਪੱਤਰ ਹਾਸਲ ਕਰਨ ਵਿੱਚ ਵੀ ਝਿਜਕ ਮਹਿਸੂਸ ਕਰ ਰਹੇ ਹਨ। ਇਸ ਮਗਰੋਂ ਡਿਪਟੀ ਕਮਿਸ਼ਨਰ ਖ਼ੁਦ ਚੱਲ ਕੇ ਕਿਸਾਨਾਂ ਦੇ ਧਰਨੇ ’ਚ ਪੁੱਜੇ, ਜਿਨ੍ਹਾਂ ਦਾ ਕਿਸਾਨਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮਗਰੋਂ ਮਹਿਲਾ ਕਿਸਾਨ ਆਗੂਆਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ।

Leave a Reply

Your email address will not be published. Required fields are marked *