ਲੋਕ ਸਿਹਤ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ: Parneet Kaur |
News Patiala, 19 ਅਪਰੈਲ: ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਆਜ਼ਾਦੀ ਕਾ ਅਮ੍ਰਿਤ ਮਹਾਉਤਸਵ’ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾਂ ਨੂੰ ਇੱਕ ਛੱਤ ਥੱਲੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਬਲਾਕ ਪ੍ਰਾਇਮਰੀ ਸਿਹਤ ਕੇਂਦਰ ਦੁਧਨਸਾਧਾਂ ਵਿੱਚ ਬਲਾਕ ਸਿਹਤ ਮੇਲਾ ਲਗਾਇਆ ਗਿਆ। ਇਸ ਮੌਕੇ ਸੰਸਦ ਮੈਂਬਰ Parneet Kaur ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਸਾਰੀਆਂ ਸਟਾਲਾਂ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ Parneet Kaur ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਅਹਿਮ ਉਪਰਾਲੇ ਨਾਲ ਜਿਥੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਮਾਰੀਆਂ ਦੇ ਚੈਕਅਪ ਲਈ ਇੱਕੋ ਜਗ੍ਹਾ ’ਤੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਵੱਖ ਵੱਖ ਸਿਹਤ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 22 ਅਪਰੈਲ ਤੱਕ ਅਜਿਹੇ 6 ਸਿਹਤ ਮੇਲੇ ਬਲਾਕ ਪੀ.ਐੱਚ.ਸੀ. ਪੱਧਰ ’ਤੇ ਲਗਾਏ ਜਾਣਗੇ ਅਤੇ ਲੋਕਾਂ ਨੂੰ ਇਨ੍ਹਾਂ ਸਿਹਤ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਸਮੂਹ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਸਿਹਤ ਮੇਲੇ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੇਲੇ ਵਿੱਚ 502 ਵਿਅਕਤੀਆਂ ਦਾ ਮਾਹਰਾਂ ਵੱਲੋਂ ਚੈਕਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਤੇ ਲੋੜਵੰਦ ਮਰੀਜ਼ਾਂ ਦੇ ਲੈਬ ਟੈਸਟ ਕੀਤੇ ਗਏ। ਯੋਗ ਅਤੇ ਮੈਡੀਟੇਸ਼ਨ ਦੇ ਸੈਸ਼ਨ ਵੀ ਲਗਾਏ ਗਏ। ਨਸ਼ਾ ਮੁਕਤੀ ਸੈਂਟਰ ਵੱਲੋਂ ਸਟਾਲ ਲਗਾ ਕੇ ਨਸ਼ਿਆਂ ਦੇ ਛੁਟਕਾਰੇ ਲਈ ਜਾਣਕਾਰੀ ਦਿੱਤੀ ਗਈ।
ਕੈਂਪ ਵਿੱਚ ਹਲਕਾ ਵਿਧਾਇਕ ਸਨੋਰ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਗੁਰਪ੍ਰੀਤ ਗੁਰੀ ਪੀ.ਏ. ਹਰਦੇਵ ਸਿੰਘ ਘੜਾਮ ਨੇ ਵੀ ਹਾਜ਼ਰੀ ਲਵਾਈ। ਮੇਲੇ ਵਿੱਚ ਸਹਿਯੋਗੀ ਵਿਭਾਗਾਂ ਵੱਲੋਂ ਵੀ ਆਪਣੀਆਂ ਸਟਾਲਾਂ ਲਗਾਈਆਂ ਗਈਆਂ। ਮੇਲੇ ਦੌਰਾਨ ਨੂਰ ਨਾਟਕ ਕਲਾ ਮੰਚ ਵੱਲੋਂ ਸਵੱਛਤਾ ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਜਾਗਦੇ ਰਹੋ ਕੱਲਬ ਵੱਲੋਂ ਲਗਾਏ ਖੁਨਦਾਨ ਕੈਂਪ ਵਿੱਚ 17 ਵਿਆਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਡਾ. ਮਨਜੀਤ ਕਮਲ ਵੱਲੋਂ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।