ਪਟਿਆਲਾ : ਇੰਡੀਪੈਂਡੈਂਟ ਪਾਵਰ ਪੋ੍ਡਿਊਸਰਜ਼ ਐਸੋਸੀਏਸ਼ਨ ਆਫ ਇੰਡੀਆ (ਆਈਪੀਪੀਏਆਈ) ਨੇ ਇਕ ਵਾਰ ਫਿਰ ਨਾਭਾ ਪਾਵਰ ਲਿਮਟਿਡ (ਐੱਨਪੀਐੱਲ) ਨੂੰ ‘2010 ਤੋਂ ਬਾਅਦ ਲੱਗੇ ਸਰਬੋਤਮ ਥਰਮਲ ਪਾਵਰ ਜਨਰੇਟਰ’ ਸੇ੍ਣੀ ਤਹਿਤ ਜੇਤੂ ਵਜੋਂ ਸਨਮਾਨਿਤ ਕੀਤਾ ਹੈ। ਸੁਰੇਸ਼ ਕੁਮਾਰ ਨਾਰੰਗ, ਮੁੱਖ ਕਾਰਜਕਾਰੀ ਨਾਭਾ ਪਾਵਰ ਨੇ ਇਹ ਇਨਾਮ 9 ਅਪ੍ਰੈਲ ਨੂੰ ਬੇਲਗਾਮ, ਕਰਨਾਟਕ ਵਿਖੇ ਹੋਏ 22ਵੇਂ ਰੈਗੂਲੇਟਰ ਐਂਡ ਪਾਲਿਸੀ ਮੇਕਰਸ ਰੀਟਰੀਟ 2022 ਦੌਰਾਨ ਆਈਪੀਪੀਏਆਈ ਪਾਵਰ ਐਵਾਰਡ ਸਮਾਗਮ ਵਿਚ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ, ਨਾਭਾ ਪਾਵਰ ਨੂੰ ਸਾਲ 2017, 2018 ਤੇ 2019 ਵਿਚ ਇਸ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।
ਇਹ ਇਨਾਮ ਨਾਭਾ ਪਾਵਰ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦੇ ਸੰਚਾਲਨ ਵਿਚ ਬਿਹਤਰੀਨ ਕਾਰਗੁਜ਼ਾਰੀ, ਸਭ ਤੋਂ ਵਧੀਆ ਹੀਟ ਰੇਟ ਹੋਣ ਕਰਨ ਤੇ ਸਹਾਇਕ ਬਿਜਲੀ ਦੀ ਖਪਤ ਘੱਟ ਹੋਣ ਸਦਕਾ ਦਿੱਤਾ ਗਿਆ ਹੈ। ਨਾਭਾ ਪਾਵਰ ਨੂੰ ਵਾਰ-ਵਾਰ ਇਸ ਦੀ ਭਰੋਸੇਯੋਗਤਾ ਲਈ ਮੁਲਕ ਦੇ ਸਭ ਤੋਂ ਵਧੀਆ ਪਾਵਰ ਪਲਾਂਟਾਂ ਵਿੱਚੋਂ ਇਕ ਵਜੋਂ ਜਾਣਿਆ ਜਾਂਦਾ ਹੈ। ਨਾਭਾ ਪਾਵਰ ਲਿਮਟਿਡ ਨੇ ਝੋਨੇ ਦੇ ਸੀਜ਼ਨ ਦੌਰਾਨ ਲਗਭਗ 100 ਫੀਸਦੀ ਪੀਏਐੱਫ ਤੇ ਪੀਐੱਲਐੱਫ ਨਾਲ ਆਪਣੀ ਕਾਰਗੁਜ਼ਾਰੀ ਵਿਚ ਨਿਰੰਤਰਤਾ ਬਣਾਈ ਰੱਖੀ ਹੈ। ਵਿੱਤੀ ਸਾਲ 2022 ਦੌਰਾਨ ਪੰਜਾਬ ਵਿਚ ਪੈਦਾ ਹੋਈ ਥਰਮਲ ਪਾਵਰ ਵਿਚ 40 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਨਾਭਾ ਪਾਵਰ ਆਪਣੀਆਂ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਪਹਿਲਕਦਮੀਆਂ ਰਾਹੀਂ ਪਲਾਂਟ ਦੇ ਆਲੇ-ਦੁਆਲੇ ਸਥਿਤ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਲਗਭਗ 49 ਪਿੰਡਾਂ ਵਿਚ ਵੱਖ-ਵੱਖ ਸਮਾਜਕ ਵਿਕਾਸ ਪੋ੍ਜੈਕਟਾਂ ਨੂੰ ਪੂਰਾ ਕਰ ਰਿਹਾ ਹੈ।