ਪਾਤੜਾਂ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪਾਤੜਾਂ ਵਿਖੇ ਬਲਾਕ ਮੀਤ ਪ੍ਰਧਾਨ ਹਰਜੀਤ ਕੌਰ ਦੀ ਅਗਵਾਈ ਹੇਠ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਂਗਨਵਾੜੀ ਵਰਕਰਾਂ ਵੱਲੋਂ ਸੀਡੀਪੀਓ ਪਾਤੜਾਂ ਰਾਹੁਲ ਅਰੋੜਾ ਨੂੰ ਮੰਗ ਪੱਤਰ ਸੌਂਪਿਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਆਂਗਨਵਾੜੀ ਵਰਕਰ ਯੂਨੀਅਨ ਦੀ ਸੂਬਾ ਵਿੱਤ ਸਕੱਤਰ ਅੰਮਿ੍ਤਪਾਲ ਕੌਰ ਨੇ ਦਿੱਲੀ ਤੇ ਹਰਿਆਣਾ ਸਰਕਾਰ ਵੱਲੋਂ ਅਪਣਾਏ ਅੜੀਅਲ ਰਵੱਈਏ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਕਿਹਾ ਦਿੱਲੀ ਸਰਕਾਰ ਵੱਲੋਂ ਲਾਏ ਐਸਮਾ ਵਰਗੇ ਕਾਨੂੰਨਾਂ ਦਾ ਇਸਤੇਮਾਲ ਕਰ ਹੱਕਾਂ ਦੀ ਲੜਾਈ ‘ਤੇ ਰੋਕ ਲਾਉਣਾ ਮੁਲਾਜ਼ਮ ਤੇ ਮਜ਼ਦੂਰ ਹਿੱਤ ਵਿਰੋਧੀ ਰਵੱਈਆ ਹੈ।
ਉਨਾਂ ਨੇ ਕਿਹਾ ਆਂਗਨਵਾੜੀ ਵਰਕਰ ਹੈਲਪਰ ਸਰਕਾਰ ਵੱਲੋਂ ਐਲਾਨ ਕੀਤੀਆਂ ਹੋਈਆਂ ਹੀ ਮੰਗਾਂ ਨੂੰ ਮੰਗ ਰਹੇ ਹਨ ਨਾ ਕਿ ਉਸ ਤੋਂ ਵੱਧ ਦੀ ਕੋਈ ਮੰਗ ਹੈ। ਸ਼ਾਂਤਮਈ ਤਰੀਕੇ ਨਾਲ ਆਪਣੇ ਅਧਿਕਾਰਾਂ ਦੀ ਲੜਾਈ ਲੜਨਾ ਸਭ ਦਾ ਜਮਹੂਰੀ ਅਧਿਕਾਰ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਹਰਿਆਣਾ ਤੇ ਦਿੱਲੀ ਸਰਕਾਰ ਦਾ ਪੁਤਲਾ ਜਲਾਉਂਦੇ ਹੋਏ ਮੰਗ ਕੀਤੀ ਹੜਤਾਲ ਦੌਰਾਨ ਜਿਨਾਂ ਵਰਕਰ ਅਤੇ ਹੈਲਪਰ ਭੈਣਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਗਈਆਂ ਹਨ, ਉਨਾਂ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ ਅਤੇ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਖਜਾਨਚੀ ਜਤਿੰਦਰ ਕੌਰ, ਜੁਆਇੰਟ ਖਜਾਨਚੀ ਲਖਵੀਰ ਕੌਰ, ਪਰਮਿੰਦਰ ਕੌਰ, ਮਾਧਵੀ ਅਤੇ ਰਵੀਨਾ ਆਦਿ ਹਾਜ਼ਰ ਸਨ।