News Patiala, 18 ਅਪ੍ਰੈਲ -ਪਿਛਲੀ ਪੰਜਾਬ ਸਰਕਾਰ ਵਲੋਂ ਬਹਾਦਰਗੜ੍ਹ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿਚ ਸੀਵਰੇਜ ਪਾਏ ਜਾਣ ਅਤੇ ਪੀਣ ਵਾਲੇ ਨਹਿਰੀ ਪਾਣੀ ਦਾ ਪ੍ਰਾਜੈਕਟ ਉਲੀਕਿਆ ਗਿਆ ਸੀ | 46 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਹਾਦਰਗੜ੍ਹ ਵਿਖੇ 19 ਫਰਵਰੀ 2019 ਨੂੰ ਰੱਖਿਆ ਗਿਆ |
ਇਸ ਪ੍ਰਾਜੈਕਟ ਅਧੀਨ ਬਹਾਦਰਗੜ੍ਹ ਇਸ ਦੇ ਨਾਲ ਲੱਗਦੇ 10 ਪਿੰਡ ਅਤੇ ਕਾਲੋਲੀਆਂ ਵਿਚ ਸੀਵਰੇਜ ਪਾਏ ਜਾਣ ਦੀ ਯੋਜਨਾ ਸੀ | ਜਿਸ ਉੱਪਰ ਕੰਮ ਵੀ ਆਰੰਭ ਕਰ ਦਿੱਤਾ ਗਿਆ ਸੀ | ਪਿਛਲੀ ਸਰਕਾਰ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਸਾਰੇ ਕੰਮ ਦੀ ਰਫ਼ਤਾਰ ਐਨੀ ਧੀਮੀ ਰਹੀ ਹੈ ਕਿ ਲੋਕਾਂ ਲਈ ਇਹ ਪ੍ਰਾਜੈਕਟ ਸਿਰਦਰਦੀ ਬਣਿਆ ਹੋਇਆ ਹੈ | ਇਸ ਪ੍ਰਾਜੈਕਟ ਅਧੀਨ ਪਹਿਲਾਂ ਪਿੰਡਾਂ ਦੇ ‘ਚ ਸੀਵਰੇਜ ਪਾਉਣਾ ਆਰੰਭ ਕੀਤਾ ਗਿਆ ਜਿਸ ਦੇ ਚੱਲਦਿਆਂ ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਨੂੰ ਸੀਵਰੇਜ ਦੀਆਂ ਪਾਈਪਾਂ ਅਤੇ ਸੀਵਰੇਜ ਦੇ ਟੈਂਕ ਬਣਾਉਣ ਲਈ ਪੁੱਟਿਆ ਗਿਆ |
ਪਿਛਲੇ ਦੋ ਸਾਲਾਂ ‘ਚ ਬਰਸਾਤ ਦੇ ਮੌਸਮ ‘ਚ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬਰਸਾਤ ਦੇ ਮੌਸਮ ‘ਚ ਪੁੱਟੀਆਂ ਹੋਈਆਂ ਸੜਕਾਂ ਅਤੇ ਗਲੀਆਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ | ਇਸ ਦੇ ਨਾਲ ਹੀ ਜਿੱਥੇ ਸੀਵਰੇਜ ਪਾਇਆ ਹੋਇਆ ਸੀ ਉਨ੍ਹਾਂ ਵਿਚੋਂ ਕਈ ਥਾਵਾਂ ਬਰਸਾਤ ਦੇ ਮੌਸਮਾਂ ‘ਚ ਧਸ ਗਈਆਂ ਅਤੇ ਕਈ ਵਾਹਨ ਉਸ ਧਸੀ ਹੋਈ ਥਾਂ ‘ਚ ਹਾਦਸਾਗ੍ਰਸਤ ਵੀ ਹੋਏ |
ਲੰਘੇ ਬਰਸਾਤ ਦੇ ਮੌਸਮ ‘ਚ ਇਨ੍ਹਾਂ ਪਿੰਡਾਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਨੇੜਲੇ ਕਈ ਇਲਾਕਿਆਂ ‘ਚੋਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਅਤੇ ਲੋਕਾਂ ਦਾ ਆਪਣੀਆਂ ਡਿਊਟੀਆਂ ‘ਤੇ ਪਹੁੰਚਣਾ ਬੜਾ ਮੁਸ਼ਕਿਲ ਹੋ ਗਿਆ | ਉਪਰੰਤ ਜਦੋਂ ਵੀ ਬਰਸਾਤ ਹੋਈ ਤਾਂ ਹਮੇਸ਼ਾ ਪੁੱਟੀਆਂ ਹੋਈਆਂ ਗਲੀਆਂ ਅਤੇ ਸੜਕਾਂ ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਰਹੀਆਂ |
ਅੱਜ ਵੀ ਪਿੰਡਾਂ ‘ਚ ਸੀਵਰੇਜ ਪਾਏ ਜਾਣ ਦਾ ਇਹ ਕੰਮ ਆਪਣੀ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਪਿੰਡਾਂ ਦੀਆਂ ਜੋ ਗਲੀਆਂ ਅਤੇ ਸੜਕਾਂ ਇਹ ਪ੍ਰਾਜੈਕਟ ਆਰੰਭ ਹੋਣ ਤੋਂ ਪਹਿਲਾਂ ਚੰਗੀ ਹਾਲਤ ‘ਚ ਸਨ ਉਹ ਹੁਣ ਬਦਤਰ ਹੋ ਗਈਆਂ ਹਨ | ਕਈ ਮੁੱਖ ਸੜਕਾਂ ਜਿਵੇਂ ਕਿ ਡੀਲਵਾਲ ਤੋਂ ਨੂਰਖੇੜੀਆਂ ਸੜਕ ਦੀ ਹਾਲਤ ਬਦਤਰ ਹੈ |
ਇਹ ਸਾਰੀ ਸੜਕ ਸੀਵਰੇਜ ਪਾਉਣ ਲਈ ਪੁੱਟ ਦਿੱਤੀ ਗਈ ਹੈ ਤੇ ਇਸ ਸੜਕ ਦੀ ਉਸਾਰੀ ਦਾ ਕੰਮ ਲਗਭਗ ਇਕ ਮਹੀਨੇ ਤੋਂ ਬੰਦ ਪਿਆ ਹੈ | ਜਿਸ ਕਾਰਨ ਇਥੋਂ ਦੇ ਬਾਸ਼ਿੰਦਿਆਂ ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਡਿਊਟੀ ‘ਤੇ ਪਹੁੰਚਣ ਵਾਲੇ ਮੁਲਾਜ਼ਮਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |