News Patiala |
News Patiala : ਪੰਜਾਬ ਸਟੇਟ ਵੈਟਨਰੀ ਕੌਂਸਲ ਵਲੋਂ ਨਾਭਾ ਰੋਡ ‘ਤੇ ਸਥਿਤ ਰੌਣੀ ਫਾਰਮ ਵਿਖੇ ਸਥਿਤ ਵੈਟਰਨਰੀ ਟ੍ਰੇਨਿੰਗ ਇੰਸਟੀਚਿੂਊਟ ਵਿਖੇ ਪਸ਼ੂ ਪਾਲਣ ਵਿਭਾਗ, ਪੰਜਾਬ ‘ਚ ਨਵ-ਨਿਯੁਕਤ 25 ਵੈਟਰਨਰੀ ਅਫਸਰਾਂ ਨੂੰ ਤਿੰਨ ਦਿਨਾਂ ਦੀ ਐਕਸਟੈਂਸ਼ਨ ਦੇ ਵਿਸ਼ੇ ‘ਤੇ ਸਿਖਲਾਈ ਕੀਤੀ ਗਈ।
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਮਾਹਿਰਾਂ ਨੇ ਨਵੇਂ ਅਧਿਕਾਰੀਆਂ ਨੂੰ ਐਕਸਟੈਂਸ਼ਨ ਰੂਲਜ਼ ਨਾਲ ਲੈਸ ਕਰਨ ਲਈ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਕੀਤਾ। ਪੰਜਾਬ ਰਾਜ ਵੈਟਰਨਰੀ ਕੌਂਸਲ, ਵੈਟਨਰੀ ਡਾਕਟਰਾਂ ਦੀ ਰਜਿਸਟ੍ਰੇਸ਼ਨ ਅਤੇ ਵੈਟਰਨਰੀ ਸਿੱਖਿਆ ਨੂੰ ਨਿਯਮਤ ਕਰਨ ਲਈ ਭਾਰਤੀ ਵੈਟਨਰੀ ਕੌਂਸਲ ਐਕਟ 1984 ਦੇ ਅਧੀਨ ਗਠਿਤ ਇੱਕ ਰੈਗੁਲੇਟਰੀ ਸੰਸਥਾ ਹੈ। ਸਿਖਲਾਈ ਦਾ ਰਸਮੀ ਉਦਘਾਟਨ ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ, ਡਾ: ਭੁਪੇਸ਼ ਗਰਗ, ਮੈਂਬਰ, ਪੰਜਾਬ ਰਾਜ ਵੈਟਰਨਰੀ ਕੋਂਸਲ ਅਤੇ ਡਾ. ਰਾਜੀਵ ਕੁਮਾਰ ਵਰਮਾ, ਡਿਪਟੀ ਡਾਇਰੈਕਟਰ (ਟ੍ਰੇਨਿੰਗ ) ਨੇ ਦੀਪ ਜਗਾ ਕੇ ਕੀਤਾ।
ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ ਨੇ ਵੈਟਸ ਨੂੰ ਸਮੇਂ ਦੀ ਪਾਬੰਦੀਆਂ ਦੀ ਆਦਤ ਪਾਉਣ ਤੇ ਪਸ਼ੂ ਪਾਲਕਾਂ ਨੂੰ ਰਾਜ ਦੇ ਸਰਬੋਤਮ ਹਿੱਤ ‘ਚ ਇਮਾਨਦਾਰੀ ਤੇ ਲਗਨ ਨਾਲ ਸੇਵਾ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਡਾ: ਭੁਪੇਸ਼ ਗਰਗ, ਮੈਂਬਰ, ਪੰਜਾਬ ਰਾਜ ਵੈਟਰਨਰੀ ਕੌਂਸਲ ਨੇ ਕਿਹਾ ਕਿ ਬਿਮਾਰੀਆਂ ਦੀ ਰੋਕਥਾਮ, ਇਲਾਜ ਤੇ ਆਧੁਨਿਕ ਪ੍ਰਬੰਧਨ ਦੇ ਹੁਨਰ ਸਿਖਾਉਣ ਦੁਆਰਾ ਚੰਗੀਆਂ ਨਸਲਾਂ ਚੁਣ ਕੇ ਪਸ਼ੂਆਂ ਦੀ ਨਸਲਾਂ ਸੁਧਾਰਨ ਲਈ ਭਰਪੂਰ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਘੱਟ ਖਰਚੇ ਤੇ ਵੱਧ ਮੁਨਾਫਾ ਕਮਾਇਆ ਜਾਵੇ ਜਿਸ ਨਾਲ ਪਸ਼ੂ ਪਾਲਕਾਂ ਦੀ ਅਰਥ ਵਿਵਸਥਾ ਵਿੱਚ ਸੁਧਾਰ ਹੋ ਸਕੇ।
ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ ਨੇ ਇਹ ਭਰੋਸਾ ਦਿੱਤਾ ਕਿ ਭਵਿੱਖ ‘ਚ ਅਜਿਹੀਆਂ ਹੋਰ ਸਿਖਲਾਈਆਂ ਦਾ ਆਯੋਜਨ ਪਸ਼ੂ ਚਿਕਿਤਸਕਾਂ ਦੇ ਹੁਨਰਾਂ ਨੂੰ ਚਮਕਾਉਣ ਅਤੇ ਅਪਡੇਟ ਕਰਨ ਲਈ ਕੀਤਾ ਜਾਵੇਗਾ ਤਾਂ ਜੋ ਉਹ ਵੈਟਨਰੀ ਦੇ ਖੇਤਰ ਵਿੱਚ ਉੱਚ ਪੱਧਰੀ ਸੇਵਾਵਾਂ ਪ੍ਰਦਾਨ ਕੀਤੀਆ ਜਾ ਸਕਣ।
ਸ਼ੁਕਰਵਾਰ ਨੂੰ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਟ੍ਰੇਨਿੰਗ ਵਿੱਚ ਭਾਗ ਲੈਣ ਆਏ ਵੈਟਰਨਰੀ ਅਫਸਰਾਂ ਨੂੰ ਡਾ: ਨਰਿੰਦਰ ਪਾਲ ਸਿੰਘ, ਰਜਿਸਟਰਾਰ ਅਤੇ ਡਾ: ਭੁਪੇਸ਼ ਗਰਗ, ਮੈਂਬਰ, ਪੰਜਾਬ ਰਾਜ ਵੈਟਰਨਰੀ ਕੋਂਸਲ ਦੁਆਰਾ ਸਰਟੀਫਿਕੇਟ ਵੰਡੇ ਗਏ।