ਪਾਤੜਾਂ, 4 ਦਸੰਬਰ
ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਪਾਤੜਾਂ ਵੱਲੋਂ ਕੁਝ ਖਾਦ ਵਿਕਰੇਤਾਵਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਰੋਕਣ ਅਤੇ ਯੂਰੀਆ ਨਿਰਧਾਰਤ ਰੇਟਾਂ ’ਤੇ ਮੁਹੱਈਆ ਕਰਵਾਉਣ ਤੇ ਸਟੋਰਾਂ ਵਿੱਚ ਕੀਤੀ ਜ਼ਮਾਖੋਰੀ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਸੀ।
ਯੂਨੀਅਨ ਦੀ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਪਾਤੜਾਂ ’ਚ ਯੂਰੀਆ ਦਾ ਗੁਦਾਮ ਸੀਲ ਕਰਕੇ ਫਰਟੀਲਾਈਜ਼ਰ ਕੰਟਰੋਲ ਆਰਡਰ-1985 ਤਹਿਤ ਕੇਸ ਦਰਜ ਕਰਨ ਤੇ ਅਗਲੇਰੀ ਕਾਰਵਾਈ ਲਈ ਪੁਲੀਸ ਨੂੰ ਲਿਖਿਆ ਗਿਆ ਹੈ।
ਇਹ ਵੀ ਪੜੋ — ਪਟਿਆਲਾ ਤੋਂ ਸੰਗਰੂਰ ਰੋੜ ਜਾਮ – ਇਸ ਰੂਟ ਤੇ ਜਾਣ ਤੋਂ ਪਹਿਲਾ ਖਬਰ ਪੜੋਂ ਅਤੇ ਖਜਲ ਖੁਆਰੀ ਤੋ ਬਚੋ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਇਕ ਕਿਸਾਨ ਯੂਨੀਅਨ ਨੇ ਸੂਚਨਾ ਦਿੱਤੀ ਸੀ ਕਿ ਬੱਸ ਸਟੈਂਡ ਪਾਤੜਾਂ ਨੇੜੇ ਇਕ ਗੁਦਾਮ ’ਚ ਯੂਰੀਆ ਖਾਦ ਸਟਾਕ ਕੀਤੀ ਹੋਈ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਵੱਲੋਂ ਗੁਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਦੀ ਸਪਲਾਈ ਤੇ ਸੁਚੱਜੀ ਵੰਡ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਜੇ ਕਿਸੇ ਵਿਅਕਤੀ ਵੱਲੋਂ ਖਾਦਾਂ ਦੀ ਜਮ੍ਹਾਖੋਰੀ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਲਾਭ ਸਿੰਘ ਤੇ ਹਰਦੀਪ ਸਿੰਘ ਖਾਂਗ, ਦਲਜਿੰਦਰ ਸਿੰਘ, ਕਰਮਜੀਤ ਸਿੰਘ ਤੇ ਅਮਰਿੰਦਰ ਵਿਰਕ ਨੇ ਦੱਸਿਆ ਕਿ ਯੂਰੀਆ ਦੇ ਕੁਝ ਵੱਡੇ ਖਾਦ ਸਟੋਰ ਮਾਲਕਾਂ ਨੇ ਖਾਦ ਦੀ ਜਮ੍ਹਾਖੋਰੀ ਕਰਕੇ ਮਾਰਕੀਟ ਵਿੱਚ ਬਣਾਉਟੀ ਕਿੱਲਤ ਬਣਾ ਕੇ ਕਿਸਾਨਾਂ ਨੂੰ ਲੁੱਟਣ ਦਾ ਤਰੀਕਾ ਅਪਣਾਇਆ ਹੋਇਆ ਹੈ।
ਜੱਥੇਬੰਦੀ ਨੇ ਗੁਦਾਮਾਂ ਵਿੱਚ ਸਟੋਰ ਕੀਤਾ ਯੂਰੀਆ ਕਿਸਾਨਾਂ ਨੂੰ ਕੰਟਰੋਲ ਰੇਟ ’ਤੇ ਮੁਹੱਈਆ ਕਰਵਾਉਣ ਲਈ ਪਾਤੜਾਂ ਪ੍ਰਸ਼ਾਸਨ ਤੇ ਖੇਤੀ ਅਫ਼ਸਰਾਂ ਦੇ ਧਿਆਨ ’ਚ ਲਿਆ ਕੇ ਕਿਸਾਨਾਂ ਦੀ ਯੂਰੀਆ ਨੂੰ ਲੈ ਕੇ ਹੁੰਦੀ ਖੱਜਲ ਖੁਆਰੀ ਰੋਕਣ ਲਈ ਮੰਗ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਖੇਤੀ ਅਫ਼ਸਰ ਪਟਿਆਲਾ ਵੱਲੋਂ ਬਲਾਕ ਅਫ਼ਸਰਾਂ ਨੂੰ ਤੇ ਪਾਤੜਾਂ ਬਲਾਕ ਦੇ ਖੇਤੀ ਅਫ਼ਸਰ ਵੱਲੋਂ ਸਥਾਨਕ ਖਾਦ ਦੇ ਵਪਾਰੀਆਂ ਨੂੰ ਵਾਜਬ ਰੇਟਾਂ ’ਤੇ ਯੂਰੀਆ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਯੂਰੀਆ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਰੋਜ਼ਾਨਾ ਦੀ ਸਟਾਕ ਰਿਪੋਰਟ ਦੇਣ ਲਈ ਵੀ ਪਾਬੰਦ ਕੀਤਾ ਗਿਆ ਹੈ।
ਇਸ ਮੌਕੇ ਖੇਤੀਬਾੜੀ ਅਫ਼ਸਰ ਸਮਾਣਾ ਡਾ. ਕੁਲਦੀਪ ਇੰਦਰ ਸਿੰਘ ਢਿੱਲੋਂ, ਖੇਤੀਬਾੜੀ ਵਿਕਾਸ ਅਫ਼ਸਰ ਪਟਿਆਲਾ ਡਾ. ਅਮਨਪ੍ਰੀਤ ਸਿੰਘ ਸੰਧੂ, ਇੰਸਪੈਕਟਰ ਵਿਵੇਕ ਕੁਮਾਰ ਵੀ ਹਾਜ਼ਰ ਸਨ।
NewsPatranLiveNewsPatranNewsLivePatranLiveNewsPatranLive