19 ਅਕਤੂਬਰ, 2021 –
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜਿਲ੍ਹਾ ਤੇ ਸਬ ਡਿਵੀਜ਼ਨ ਪੱਧਰ ਦੇ ਦਫਤਰਾਂ ਵਿਚ ਅਚਨਚੇਤ ਚੈਕਿੰਗ ਮੁਹਿੰਮ ਦੂਜੇ ਦਿਨ ਵੀ ਜਾਰੀ ਰਹੀ।
ਡਿਪਟੀ ਕਮਿਸ਼ਨਰ ਤੇ ਹੋਰ ਸਮਰੱਥ ਅਥਾਰਟੀਆਂ ਵਲੋਂ ਗੈਰਹਾਜ਼ਰ ਤੇ ਲੇਟ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਸਥਿਤੀ ਸਪੱਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਵਲੋਂ ਜੀ.ਐਮ. ਇੰਡਸਟਰੀਜ਼, ਮੱਛੀ ਪਾਲਣ ਵਿਭਾਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਝਲੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਕਪੂਰਥਲਾ, ਐਸ.ਡੀ.ਐਮ. ਫਗਵਾੜਾ ਕੁਲਪ੍ਰੀਤ ਸਿੰਘ ਤੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਰਣਜੀਤ ਸਿੰਘ ਵਲੋਂ ਵੱਖ-ਵੱਖ ਦਫਤਰਾਂ ਦੀ ਜਾਂਚ ਕੀਤੀ ਗਈ।
ਡਿਪਟੀ ਕਮਿਸ਼ਨਰ ਵਲੋਂ ਸਵੇਰੇ 9:20 ਵਜੇ ਜੀ.ਐਮ. ਇੰਡਸਟਰੀਜ, ਮੱਛੀ ਪਾਲ ਦਫਤਰ, ਸਰਕਾਰੀ ਸੀਨੀਅਰ ਸਕੈਡਰੀ ਕਾਂਜਲੀ, ਸਰਕਾਰੀ ਐਲੀਮੈਂਟਰੀ ਸਕੂਲ ਕਾਂਜਲੀ, ਸਕੂਲ ਵਿੱਚ ਸਥਿਤ ਬੂਥ ਨੰ: 20 ਅਤੇ 21 ਤੇ ਆਂਗਨਵਾੜੀ ਸੈਂਟਰ ਕਾਂਜਲੀ ਦੀ ਅਚਨਚੇਤੀ ਜਾਂਚ ਕੀਤੀ ਗਈ।
ਜਿਲ੍ਹਾ ਮੈਨੇਜਰ, ਡੀ.ਆਈ.ਸੀ ਦੇ ਦਫਤਰ ਵਿਚ ਕਵਿਤਾ ਚੋਪੜਾ ਸੀਨੀਅਰ ਸਹਾਇਕ, ਸ੍ਰੀਮਤੀ ਰੂਪ ਐਸ.ਆਈ.ਈ.ਓ ਅਤੇ ਸ੍ਰੀ ਸੁਖਜੀਤ ਕੁਮਾਰ ਸੇਵਾਦਾਰ ਡਿਊਟੀ ਤੋਂ ਗੈਰ-ਹਾਜਰ ਪਾਏ ਗਏ। ਜੀ.ਐਮ.ਡੀ.ਆਈ.ਸੀ ਨੂੰ ਹਦਾਇਤ ਕੀਤੀ ਗਈ ਉਹ ਡਿਪਟੀ ਕਮਿਸ਼ਨਰ ਦੇ ਕੋਲ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ।
ਮੱਛੀ ਪਾਲਣ ਵਿਭਾਗ ਕਪੂਰਥਲਾ ਦੀ ਚੈਕਿੰਗ ਦੌਰਾਨ ਸਟਾਫ ਹਾਜਰ ਪਾਇਆ ਗਿਆ ਅਤੇ ਸ੍ਰੀ ਹਰਿੰਦਰਜੀਤ ਸਿੰਘ ਬਾਵਾ, ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਣ ਵਿਭਾਗ ਵੱਲੋਂ ਛੁੱਟੀ ਪ੍ਰਵਾਨ ਕਰਵਾਏ ਬਿਨ੍ਹਾਂ ਛੁੱਟੀ ’ਤੇ ਜਾਣ ਤੇ ਸਟੇਸ਼ਨ ਛੱਡਣ ਕਰਕੇ ਉਨ੍ਹਾਂ ਨੂੰ 2 ਦਿਨਾਂ ਅੰਦਰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਜਵਾਬ ਦੇਣ ਲਈ ਕਿਹਾ ਗਿਆ।
ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਾਂਜਲੀ ਦੀ ਚੈਕਿੰਗ ਦੌਰਾਨ ਸਕੂਲ ਦਾ ਸਟਾਫ ਹਾਜਰ ਪਾਇਆ ਗਿਆ। ਸਕੂਲ ਵਿੱਚ ਬਣੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਦਾ ਪਾਣੀ ਸਕੂਲ ਅੰਦਰ ਆਉਣ ਸਬੰਧੀ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਉਹ ਸਕੂਲ ਦਾ ਦੌਰਾ ਕਰਕੇ ਸਮੱਸਿਆ ਦੂਰ ਕਰਨ ਤੇ ਰਿਪੋਰਟ ਪੇਸ਼ ਕਰਨ।
ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਦਾ ਮੌਕਾ ਵੇਖਿਆ ਗਿਆ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਲ੍ਹੇ ਦੇ ਸਾਰੇ ਮਿਡ ਡੇਅ ਮੀਲ ਸੈਂਟਰਾਂ ਵਿੱਚ ਖਾਣੇ ਦਾ ਕੈਲੰਡਰ ਲੱਗਿਆ ਹੋਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਕਪੂਰਥਲਾ ਦੀ ਚੈਕਿੰਗ ਕੀਤੀ ਗਈ ਜਿੱਥੇ ਸਟਾਫ ਹਾਜ਼ਰ ਸੀ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਵਲੋਂ ਬੀ.ਡੀ.ਪੀ.ਓ. ਦਫਤਰ ਢਿਲਵਾਂ ਦੀ ਜਾਂਚ ਕੀਤੀ ਗਈ।
ਫਗਵਾੜਾ ਵਿਖੇ ਐਸ.ਡੀ.ਐਮ. ਦਫਤਰ, ਬੀ.ਡੀ.ਪੀ.ਓ. ਦਫਤਰ, ਐਸ.ਡੀ.ਓ ਲੋਕ ਨਿਰਮਾਣ ਵਿਭਾਗ, ਸੇਵਾ ਕੇਂਦਰ, ਫਰਦ ਕੇਂਦਰ, ਤਹਿਸੀਲ ਭਲਾਈ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਤਹਿਸੀਲਦਾਰ ਦਫਤਰ ਵਿਖੇ ਸ਼ਰਨਜੀਤ ਸਿੰਘ ਤੇ ਪਵਨ ਕੁਮਾਰ ਗੈਰਹਾਜ਼ਰ ਸਨ। ਤਹਿਸੀਲ ਭਲਾਈ ਦਫਤਰ ਵਿਖੇ ਰਣਬੀਰ ਸਿੰਘ ਗੈਰਹਾਜ਼ਰ ਸਨ। ਲੋਕ ਨਿਰਮਾਣ ਵਿਭਾਗ ਵਿਖੇ ਜਸਬੀਰ ਸਿੰਘ, ਸੁਖਦੇਵ ਸਿੰਘ ਤੇ ਪੁਨੀਤ ਮੱਟੂ ਗੈਰਹਾਜ਼ਰ ਸਨ। ਨਰੇਗਾ ਦਫਤਰ ਵਿਖੇ ਜਸਕਰਨ ਵਰਮਾ, ਅੰਗਰੇਜ਼ ਕੌਰ, ਰਮਨ ਕੁਮਾਰੀ ਤੇ ਮੇਜਰ ਸਿੰਘ ਗੈਰਹਾਜ਼ਰ ਸਨ। ਇਸ ਤੋਂ ਇਲਾਵਾ ਪਟਵਾਰੀ ਸੁਰਿੰਦਰ ਕੁਮਾਰ ਤੇ ਟੈਕਸ ਕੁਲੈਕਟਰ ਸੁਲੱਖਣ ਸਿੰਘ ਗੈਰਹਾਜ਼ਰ ਪਾਏ ਗਏ।
ਗੈਰਹਾਜ਼ਰ ਤੇ ਲੇਟ ਪਾਏ ਗਏ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਸੁਲਤਾਨਪੁਰ ਲੋਧੀ ਵਿਖੇ ਐਸ.ਡੀ.ਐਮ.ਰਣਜੀਤ ਸਿੰਘ ਵਲੋਂ ਵੀ ਸਰਕਾਰੀ ਦਫਤਰਾਂ ਦੀ ਜਾਂਚ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾੜਨਾ ਕੀਤੀ ਕਿ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਪਹੁੰਚ ਅਪਣਾਉਣ ਤਾਂ ਜੋ ਲੋਕਾਂ ਨੂੰ ਰੋਜ਼ਮੱਰਾ ਦੀਆਂ ਸੇਵਾਵਾਂ ਸਰਲ ਤਰੀਕੇ ਨਾਲ ਮਿਲ ਸਕਣ। ਉਨ੍ਹਾਂ ਕਿਹਾ ਕਿ ਡਿਊਟੀ ਵਿਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।