ਚਿੱਭੜ ਦਾ ਨਾਂ ਐਨਾ ਸੋਹਣਾ ਨਹੀਂ ਲੇਕਿਨ ਬਹੁਤ ਮਾਡਰਨ ਮਾਡਰਨ ਨਾਵਾਂ ਵਾਲੇ ਮਹਿੰਗੇ ਫਲਾਂ, ਸਲਾਦਾਂ ਤੇ ਮਹਿੰਗੇ ਡਰਾਈ ਫਰੂਟਸ ਤੋਂ ਕਿਤੇ ਜ਼ਿਆਦਾ ਸਿਹਤਵਰਧਕ ਹੈ। ਅਸੀਂ ਪਿਛਲੇ ਸੱਤ ਮਹੀਨਿਆਂ ਤੋਂ ਚਿੱਬੜ ਬਾਰੇ ਖੋਜ ਪੜਤਾਲ ਕਰ ਰਹੇ ਸੀ। ਹੁਣ ਸਾਡੇ ਕੋਲ ਐਨੀ ਜਾਣਕਾਰੀ ਇਕੱਠੀ ਹੋ ਗਈ ਹੈ ਕਿ ਇੱਕ ਕਿਤਾਬ ਹੀ ਛਪਵਾਉਣ ਲੱਗੇ ਹਾਂ। ਇਸ ਕਿਤਾਬ ਵਿੱਚ ਇਸਦੀ ਖੇਤੀ ਕਰਨ, ਇਸਦੇ ਪਕਵਾਨ ਤੇ ਚਟਣੀਆਂ ਬਣਾਉਣ, ਇਸਨੂੰ ਸੰਭਾਲਣ, ਇਸਦੀ ਅੰਤਰਾਸ਼ਟਰੀ ਮੰਗ, ਮਾਰਕੀਟਿੰਗ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਅਸਲ ਵਿੱਚ ਚਿੱਭੜ ਵਿੱਚ ਅਨੇਕਾਂ ਫਾਇਟੋਨਿਉਟਰੀਐਂਟਸ ਹੁੰਦੇ ਹਨ ਜੋ ਵਿਅਕਤੀ ਨੂੰ ਬਹੁਤ ਰੋਗਾਂ ਤੋਂ ਬਚਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਅਫਰੀਕਾ, ਭਾਰਤ, ਆਸਟ੍ਰੇਲੀਆ, ਇਰਾਨ ਆਦਿ ਇਲਾਕਿਆਂ ਵਿੱਚ ਸਾਲ ਭਰ ਹੀ ਚਿੱਭੜ ਖਾਂਦੇ ਰਹਿੰਦੇ ਸਨ। ਸ਼ਾਇਦ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਵਿੱਚ ਚਿੱਭੜ ਦਾ ਵੀ ਰੋਲ ਹੋਵੇਗਾ।