ਚੋਣ ਡਿਊਟੀਆਂ ਦੇ ਬਾਈਕਾਟ ਦੀ ਚਿਤਾਵਨੀ; ਡਿਪਟੀ ਡੀਈਓ ਦੇ ਭਰੋਸੇ ਮਗਰੋਂ ਘਿਰਾਓ ਖ਼ਤਮ ਕੀਤਾ
Sangrur News |
Sangrur News , 20 ਜਨਵਰੀ 2022
ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਅਗਵਾਈ ਹੇਠ ਦਸੰਬਰ ਮਹੀਨੇ ਦੀ ਤਨਖ਼ਾਹ ਤੋਂ ਵਾਂਝੇ ਅਧਿਆਪਕਾਂ ਵੱਲ ਡੀਈਓ ਐਲੀਮੈਂਟਰੀ ਦਫ਼ਤਰ ਦਾ ਘਿਰਾਓ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਐਲੀਮੈਂਟਰੀ ਟੀਚਰਜ਼ ਯੂਲੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਕਰੀਬ ਪੌਣਾ ਮਹੀਨਾ ਬੀਤ ਚੁੱਕਿਆ ਹੈ ਪਰ ਅਜੇ ਤੱਕ ਜ਼ਿਲ੍ਹੇ ਦੇ ਕਈ ਬਲਾਕਾਂ ਵਿਚ ਅਧਿਆਪਕਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਨਸੀਬ ਨਹੀਂ ਹੋਈ। ਇਸ ਸਬੰਧੀ ਵਫ਼ਦ ਡੀਈਓ ਨੂੰ ਮਿਲਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਮੌਕੇ ਅਧਿਆਪਕ
ਆਗੂਆਂ ਹਰਭਗਵਾਨ ਗੁਰਨੇ, ਜੋਤਿੰਦਰ ਸਿੰਘ ਜੋਤੀ ਅਤੇ ਜਸਵੀਰ ਸਿੰਘ ਲੱਡਾ ਨੇ ਕਿਹਾ ਕਿ ਸਰਕਾਰ ਵੱਲੋਂ ਸਾਜਿਸ਼ ਤਹਿਤ ਅਧਿਆਪਕਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਦਫ਼ਤਰ ਦਾ ਘਿਰਾਓ ਜਾਰੀ ਰਹੇਗਾ। ਅਧਿਆਪਕਾਂ ਨੇ ਚੋਣ ਡਿਊਟੀਆਂ ਦਾ ਬਾਈਕਾਟ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ।
ਇਸ ਮੌਕੇ ਅਧਿਆਪਕ ਆਗੂ ਬਲਜੀਤ ਸਿੰਘ, ਰਾਜਿੰਦਰ ਕੁਮਾਰ, ਸੁਖਵੀਰ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਦੇਵੀ ਦਿਆਲ, ਸਰਭਜੀਤ ਸਿੰਘ, ਭਰਾਤਰੀ ਜਥੇਬੰਦੀਆਂ ਵਜੋਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੁਰਚਰਨ ਸਿੰਘ ਖੋਖਰ, ਜਸਵੀਰ ਸਿੰਘ ਨਮੋਲ, ਸੁਖਵਿੰਦਰ ਸਿੰਘ, ਗੁਰਪ੍ਰੀਤ ਬੱਬੀ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਡਿਪਟੀ ਡੀਈਓ ਦਿਆਲ ਸਿੰਘ ਨੇ ਅਧਿਆਪਕਾਂ ਨੂੰ ਦੋ ਦਿਨਾਂ ਵਿਚ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਧਰਨਾਕਾਰੀਆਂ ਨੇ ਘਿਰਾਓ ਖ਼ਤਮ ਕੀਤਾ।