ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ਨੂੰ 6 ਕਰੋੜ 28 ਲੱਖ ਰੁਪਏ ਜਾਰੀ

ਲੋੜਵੰਦ ਪਰਿਵਾਰਾਂ ਨੂੰ ਲੜਕੀ ਦੇ ਵਿਆਹ ‘ਤੇ ਸੂਬਾ ਸਰਕਾਰ ਵੱਲੋਂ 51 ਹਜ਼ਾਰ ਰੁਪਏ ਦੀ ਦਿੱਤੀ ਜਾਂਦੀ ਹੈ ਮਾਲੀ ਮਦਦ : ਡਿਪਟੀ ਕਮਿਸ਼ਨਰ ਪਟਿਆਲਾ

AVvXsEikoyOA2moK yosnPhcHEbUBt -

NewsPatiala: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਅਸ਼ੀਰਵਾਦ ਸਕੀਮ ਤਹਿਤ 51 ਹਜ਼ਾਰ ਰੁਪਏ ਦੀ ਮਾਲੀ ਮਦਦ ਲਈ ਪਟਿਆਲਾ ਜ਼ਿਲ੍ਹੇ ਲਈ 6 ਕਰੋੜ 28 ਲੱਖ 32 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਲਈ ਜਾਰੀ ਕੀਤੀ ਰਾਸ਼ੀ ‘ਚ ਅਨੁਸੂਚਿਤ ਜਾਤੀਆਂ ਲਈ 2 ਕਰੋੜ 85 ਲੱਖ ਅਤੇ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ 3 ਕਰੋੜ 43 ਲੱਖ 23 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਪਟਿਆਲਾ ਜ਼ਿਲ੍ਹੇ ‘ਚ 6 ਕਰੋੜ 28 ਲੱਖ 32 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ, ਜਿਸ ‘ਚ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਲਈ 2 ਕਰੋੜ 85 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਦਾ ਲਾਭ ਜ਼ਿਲ੍ਹੇ ਦੇ 559 ਲਾਭਪਾਤਰੀ ਨੂੰ ਮਿਲੇਗਾ। ਇਸੇ ਤਰ੍ਹਾਂ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਲਾਭਪਾਤਰੀਆਂ ਲਈ 3 ਕਰੋੜ 43 ਲੱਖ 23 ਹਜ਼ਾਰ ਰੁਪਏ ਜਾਰੀ ਹੋਏ ਹਨ, ਜਿਸ ‘ਚ ਜ਼ਿਲ੍ਹੇ ਦੇ 673 ਲਾਭਪਾਤਰੀ ਕਵਰ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀ ਵਿਧਵਾਵਾਂ ਦੀਆਂ ਲੜਕੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51000/-ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਵਜੋਂ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਈ ਰਾਸ਼ੀ ਡੀ.ਬੀ.ਟੀ. ਮੋਡ ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਭੇਜੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਵੀ ਰਾਸ਼ੀ ਜਲਦ ਹੀ ਜਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *