News Patiala: PCS association ਵੱਲੋਂ ਹੜਤਾਲ ਦੇ ਚੱਲਦਿਆਂ ਮਿੰਨੀ ਸਕੱਤਰੇਤ ਵਿਖੇ ਦੂਜੇ ਦਿਨ ਵੀ ਆਰਟੀਏ ਦਫ਼ਤਰ ਸਮੇਤ ਸਬ ਰਜਿਸਟਰਾਰ ਦਾ ਦਫ਼ਤਰ ਬੰਦ ਰਿਹਾ। ਲੋਕਾਂ ਨੂੰ ਦਫ਼ਤਰੀ ਸਹੂਲਤਾਂ ਉਪਲਬਧ ਨਹੀਂ ਹੋ ਸਕੀਆਂ। ਪੀਸੀਐੱਸ ਅਧਿਕਾਰੀਆਂ ਦੀ ਹੜਤਾਲ ਦੇ ਸਮਰਥਨ ‘ਚ ਮਾਲ ਵਿਭਾਗ ਦੇ ਅਧਿਕਾਰੀ ਵੀ ਆਉਣ ਕਾਰਨ ਸਬ ਰਜਿਸਟਰਾਰ ਦੇ ਦਫ਼ਤਰ ‘ਚ ਰਜਿਸਟਰੀਆਂ ਦਾ ਕੰਮ ਵੀ ਮੁਕੰਮਲ ਤੌਰ ‘ਤੇ ਬੰਦ ਰਿਹਾ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਿੰਨੀ ਸਕੱਤਰੇਤ ਵਿਖੇ ਸਥਿਤ ਸੇਵਾ ਕੇਂਦਰ ਪੀਸੀਐੱਸ ਅਧਿਕਾਰੀਆਂ ਦੀ ਹੜਤਾਲਰ ‘ਚ ਲੋਕਾਂ ਦੇ ਹਲਫੀਆ ਬਿਆਨ ਆਦਿ ਤਸਦੀਕ ਕਰਨ ਲਈ ਕਾਰਜਕਾਰੀ ਮੈਜਿਸਟਰੇਟ/ਨਾਇਬ ਤਹਿਸੀਲਦਾਰ ਵੀ ਦੋਵੇਂ ਦਿਨ ਮੌਜੂਦ ਨਹੀਂ ਸਨ। ਜਿਸ ਕਰਕੇ ਸੇਵਾ ਕੇਂਦਰ ਤੋਂ ਆਪਣੇ ਹਲਫੀਆ ਬਿਆਨ ਤਸਦੀਕ ਕਰਵਾਉਣ ਲਈ ਆਏ ਲੋਕਾਂ ਦਾ ਕੰਮ ਹਾਲੇ 3-4 ਦਿਨ ਹੋਰ ਲਟਕ ਸਕਦਾ ਹੈ। ਮਿੰਨੀ ਸਕੱਤਰੇਤ ਵਿਖੇ ਆਰਟੀਏ ਦੇ ਦਫ਼ਤਰ ‘ਚ ਬਣਨ ਵਾਲੇ ਲਰਨਿੰਗ ਲਾਇਸੈਂਸਾਂ ਸਮੇਤ ਨਾਭਾ ਰੋਡ ਸਥਿਤ ਡਰਾਈਵਿੰਗ ਟੈਸਟ ਟਰੈਕ ਮੁਕੰਮਲ ਤੌਰ ‘ਤੇ ਬੰਦ ਹੋਣ ਕਾਰਨ ਟ੍ਰਾਂਸਪੋਰਟ ਨਾਲ ਸਬੰਧਤ ਸਾਰੇ ਕੰਮ ਪੂਰੀ ਤਰ੍ਹਾਂ ਠੱਪ ਰਹੇ। ਜਿਥੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਇਸ ਮੁਕੰਮਲ ਹੜਤਾਲ ਕਾਰਨ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਲੋਕਾਂ ਦੀ ਪਹਿਲਾਂ ਨਾਲੋਂ ਚਹਿਲ-ਪਹਿਲ ਘੱਟ ਹੋਣ ਕਾਰਨ ਰੌਣਕ ਖਤਮ ਹੋ ਗਈ ਹੈ। ਉਥੇ ਹੀ ਇਸ ਹੜਤਾਲ ਦਾ ਅਸਰ ਸਕੱਤਰੇਤ ਦੇ ਸਾਹਮਣੇ ਬਣੇ ਜਨ ਸਹਾਇਤਾ ਕੇਂਦਰ ਵਿਖੇ ਦੁਕਾਨਾਂ ‘ਚ ਕੰਮ ਕਰਦੇ ਕਾਮਿਆਂ ਦੇ ਕੰਮ ‘ਤੇ ਵੀ ਪਿਆ ਹੈ।