8 ਅਕਤੂਬਰ, 2022:
ਗੈਂਗਸਟਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਨਿਚਰਵਾਰ ਸਵੇਰੇ ਕੁਝ ਗੈਂਗਸਟਰਾਂ ਨੂੰ ਫ਼ੜਣ ਇਕ ਪਿੰਡ ਵਿੱਚ ਪੁੱਜੀ ਪੁਲਿਸ ਵੱਲੋਂ ਉਨ੍ਹਾਂ ਦੀ ਠਹਿਰ ’ਤੇ ‘ਰੇਡ ਕੀਤੇ ਜਾਣ ਤੋਂ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਪੁਲਿਸ ’ਤੇ ਫ਼ਾਇਰਿੰਗ ਕੀਤੇ ਜਾਣ ਦੀ ਖ਼ਬਰ ਹੈ। ਇਸ ਮਗਰੋਂ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਹੈ ਅਤੇ ਮੁਕਾਬਲਾ ਅਜੇ ਜਾਰੀ ਹੈ।
ਘਟਨਾ ਬਟਾਲਾ ਨੇੜਲੇ ਪਿੰਡ ਕੋਟਲਾ ਬਾਜਾ ਸਿੰਘ ਵਿੱਚ ਵਾਪਰੀ ਜਿੱਥੇ ਇਕ ਗੈਂਗਸਟਰ ਬਬਲੂ ਦੇ ਲੁਕੇ ਹੋਣ ਦੀ ਸੂਹ ਮਿਲਣ ’ਤੇ ਪੁਲਿਸ ਸਨਿਚਰਵਾਰ ਸਵੇਰੇ ਗ੍ਰਿਫ਼ਤਾਰੀ ਲਈ ਪੁੱਜੀ ਪਰ ਅੱਗੋਂ ਪੁਲਿਸ ਨੂੰ ਫ਼ਾਇਰਿੰਗ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਵੱਲੋਂ ਉਨ੍ਹਾਂ ਨੂੰ ‘ਸਰੰਡਰ’ ਕਰ ਦੇਣ ਦੀ ਚੇਤਾਵਨੀ ਦਿੱਤੀ ਗਈ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਫ਼ਾਇਰਿੰਗ ਚੱਲ ਰਹੀ ਹੈ।
ਹੁਣ ਤਕ ਦੀ ਖ਼ਬਰ ਅਨੁਸਾਰ ‘ਰੇਡ’ ਕਰਨ ਗਏ ਪੁਲਿਸ ਕਰਮੀ ਸੁਰੱਖ਼ਿਅਤ ਹਨ ਅਤੇ ਵੱਡੀ ਗਿਣਤੀ ਵਿੱਚ ਪਿੰਡ ਪੁੱਜੀ ਪੁਲਿਸ ਫ਼ੋਰਸ ਨੇ ਗੈਂਗਸਟਰਾਂ ਦੀ ਠਾਹਰ ਨੂੰ ਘੇਰਾ ਪਾ ਲਿਆ ਹੈ।
ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਗੈਂਗਸਟਰਾਂ ਦੀ ਲੁਕਣਗਾਹ ਵਿੱਚ ਕਿੰਨੇ ਗੈਂਗਸਟਰ ਲੁਕੇ ਹੋਏ ਹਨ।
ਗੈਂਗਸਟਰਾਂ ਦੀ ਇਹ ਠਾਹਰ ਪਿੰਡ ਦੇ ਬਾਹਰਵਾਰ ਖ਼ੇਤਾਂ ਵਿੱਚ ਸਥਿਤ ਹੈ ਜਿਸਨੂੰ ਘੇਰਾ ਪਾ ਲਿਆ ਗਿਆ ਹੈ।