News Patiala 13th July 2022
ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਵਲੋਂ 8886 ਅਧਿਆਪਕਾਂ ਦੇ ਸੰਘਰਸ਼ਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਧਿਆਪਕ ਆਗੂ ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾਂ ਦੇ ਪੱਖਪਾਤੀ ਢੰਗ ਨਾਲ ਰੋਕੇ ਰੈਗੂਲਰ ਆਰਡਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਉੱਪ-ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ) ਰਵਿੰਦਰ ਸਿੰਘ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮਾਮਲੇ ‘ਚ ਪੰਜਾਬ ਸਰਕਾਰ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਡੀਪੀਆਈ (ਸੈ.ਸਿੱ) ਵਲੋਂ ਬੇਲੋੜੀ ਦੇਰੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਜਥੇਬੰਦੀ ਵੱਲੋਂ ਮੋਹਾਲੀ ਵਿਖੇ ਐਲਾਨੇ ਸੂਬਾਈ ਗੁਪਤ ਐਕਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲ੍ਹਾ ਸਕੱਤਰ ਹਰਵਿੰਦਰ ਰੱਖੜਾ ਨੇ ਦੱਸਿਆ ਕਿ ਸਾਬਕਾ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਵੱਲੋਂ ਬੀਤੀ 15 ਜੂਨ ਨੂੰ ਮੁੱਖ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਮੀਟਿੰਗ ‘ਚ ਇਹ ਮਾਮਲਾ ਹਰ ਹਾਲਤ ‘ਚ 30 ਜੂਨ ਤੱਕ ਹੱਲ ਕਰਨ ਦਾ ਭਰੋਸਾ ਦੇਣ ‘ਤੇ ਵੀ ਤੈਅ ਸਮੇਂ ਪਿੱਛੋਂ ਡੀ.ਪੀ.ਆਈ. (ਸੈ: ਸਿ:) ਦਫਤਰ ਵੱਲੋਂ ਇਸ ਗੰਭੀਰ ਮਸਲੇ ਨੂੰ ਲਟਕਾਇਆ ਹੋਇਆ ਹੈ, ਅਜਿਹੇ ‘ਚ ਕਈ ਸਾਲਾਂ ਤੋਂ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕਾਂ ਦੇ ਮਾਮਲੇ ਸਬੰਧੀ ਸਮੁੱਚੇ ਅਧਿਆਪਕ ਵਰਗ ‘ਚ ਸਖਤ ਰੋਸ ਹੈ। ਸਰਕਾਰ ਦੇ ਸੁਸ਼ਾਸ਼ਨ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੇ ਹੱਕਾਂ ‘ਤੇ ਅਫਸਰਾਂ ਵੱਲੋਂ ਪਹਿਲਾਂ ਦੀ ਤਰਾਂ ਡਾਕਾ ਮਾਰ ਕੇ ਉਹਨਾਂ ਨੂੰ ਜ਼ਲੀਲ ਅਤੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਬੀਤੀ 11 ਜੁਲਾਈ ਨੂੰ ਡੀ.ਪੀ.ਆਈ. (ਸੈ:ਸਿ:) ਨੂੰ ਵੀ ਇਸ ਸਬੰਧੀ ਇੱਕ ਹਫਤੇ ਦਾ ਸੰਘਰਸ਼ੀ ਨੋਟਿਸ ਦਿੱਤਾ ਗਿਆ ਹੈ ਅਤੇ ਮਾਮਲਾ ਹੱਲ ਨਾ ਹੋਣ ਦੀ ਸੂਰਤ ‘ਚ ਉਨਾਂ ਦੇ ਦਫਤਰ ਵਿਖੇ ਸੂਬਾ ਪੱਧਰੀ ਗੁਪਤ ਐਕਸ਼ਨ ਦਾ ਐਲਾਨ ਕੀਤਾ ਹੈ। ਇਸ ਮੌਕੇ ਗੁਰਜੀਤ ਸਿੰਘ, ਕ੍ਰਿਸ਼ਨ ਚੌਹਾਨਕੇ, ਗਗਨਦੀਪ ਵਿਸ਼ਿਸ਼ਟ, ਦਵਿੰਦਰ ਸਿੰਘ, ਹਰਿੰਦਰ ਸਿੰਘ, ਸਾਹਿਲ ਕੁਮਾਰ, ਸ਼ਿਵਦੇਵ ਸਿੰਘ, ਅਮਿ੍ਤਵੀਰ ਸਿੰਘ ਤੇ ਨਰਿੰਦਰ ਸਿੰਘ ਵੀ ਹਾਜ਼ਰ ਸਨ।