ਥਾਣੇਦਾਰ ਨੇ ਆਪਣੇ ਪੁੱਤ ਨੂੰ ਵਰਦੀ ਪੁਆਕੇ ਲੁੱਟਿਆ ਸੀ 42 ਲੱਖ ਰੁਪਿਆ: BATHINDA NEWS PUNJABI

 ਥਾਣੇਦਾਰ ਨੇ ਆਪਣੇ ਪੁੱਤ ਨੂੰ ਵਰਦੀ ਪੁਆਕੇ ਲੁੱਟਿਆ ਸੀ  42 ਲੱਖ ਰੁਪਿਆ

BATHINDA NEWS PUNJABI
BATHINDA NEWS PUNJABI

BATHINDA NEWS PUNJABI,18ਅਪਰੈਲ2022:ਸ਼ਨੀਵਾਰ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਬਠਿੰਡਾ ਦੇ ਫਾਈਵ ਰਿਵਰਜ਼ ਹੋਟਲ ’ਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ 42 ਲੱਖ ਰੁਪਏ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ’ਚ ਨਕਲੀ ਨਹੀਂ ਬਲਕਿ ਪੰਜਾਬ ਪੁਲਿਸ ਦੇ ਅਸਲੀ ਥਾਣੇਦਾਰ ਦੀ  ਭੂਮਿਕਾ ਸਾਹਮਣੇ ਆਈ ਹੈ। ਅਧਿਕਾਰੀ ਇਸ ਮਾਮਲੇ ’ਚ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਅਹਿਮ ਸੂਤਰਾਂ ਮਤਾਬਕ ਪੁਲਿਸ ਇਸ ਲੁੱਟ ਤੋਂ ਪਰਦਾ ਚੁੱਕਣ ’ਚ ਸਫਲ ਹੋ ਗਈ ਹੈ ਸਿਰਫ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਹਨ। ਸੂਤਰਾਂ ਮੂਤਾਬਕ ਇਸ ਲੁੱਟ ਦੇ ਮਾਸਟਰਮਾਈਂਡ ਦੋ ਨੌਜਵਾਨਾਂ ਨੂੰ ਕੈਨੇਡਾ ਭੇਜਣ ਵਾਲੇ ਏਜੰਟ ਜਗਦੀਸ਼ ਲੱਕੀ ਅਤੇ ਨਿਸ਼ਾਨ ਸਿੰਘ ਹਨ ਜਿੰਨ੍ਹਾਂ ਨੇ ਆਪਣੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੰਮ੍ਰਿਤਸਰ ’ਚ ਤਾਇਨਾਤ ਪੁਲਿਸ ਦੇ ਇੱਕ  ਏਐਸਆਈ ਨੂੰ ਗੰਢ ਲਿਆ।

ਹਾਲਾਂਕਿ ਮੁਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਫਿਲਮੀ ਸਟਾਈਲ ’ਚ ਸੀਆਈਏ ਸਟਾਫ ਦੇ ਨਾਮ ਹੇਠ ਨਕਲੀ ਪੁਲਿਸ ਅਧਿਕਾਰੀ ਬਣਕੇ ਇਹ ਲੁੱਟ ਕੀਤੀ ਗਈ ਹੈ ਪਰ ਜਦੋਂ ਪੁਲਿਸ ਤਫਤੀਸ਼ ਅੱਗੇ ਵਧੀ ਤਾਂ ਭੇਦ ਖੁੱਲਿ੍ਹਆ ਕਿ ਅੰਮ੍ਰਿਤਸਰ ’ਚ ਤਾਇਨਾਤ ਇੱਕ ਏਐਸਆਈ ਨੇ ਆਪਣੇ ਪੁੱਤ ਨੂੰ ਪੁਲਿਸ ਦੀ ਵਰਦੀ ਪੁਆਕੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਇਹ ਪੈਸਾ ਲੁੱਟਿਆ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ ਜਿੰਨ੍ਹਾਂ ਦੇ ਅਧਾਰ ’ਤੇ ਕਈ ਦੋਸ਼ੀਆਂ ਦੀ ਸ਼ਿਨਾਖਤ ਕਰ ਲਈ ਹੈ ਅਤੇ  ਪੁਲਿਸ ਟੀਮਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਰਵਾਨਾ ਹੋ ਗਈਆਂ ਹਨ।

ਪਤਾ ਲੱਗਿਆ ਹੈ ਕਿ ਬਠਿੰਡਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵਾਰਦਾਤ ’ਚ ਸ਼ਾਮਲ ਥਾਣੇਦਾਰ ਅਤੇ ਉਸ ਦੇ ਲੜਕੇ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ ਜੋ ਪੁਲਿਸ ਦੀ ਵਰਦੀ ਪਾਕੇ ਲੁੱਟ ਦੀ ਵਾਰਦਾਤ ਸ਼ਾਮਲ ਹੋਇਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਥਾਣੇਦਾਰ ਅਤੇ ਉਸ ਦੇ ਪੁੱਤਰ ਨੂੰ ਕਾਬੂ ਕਰਨ ਤੋਂ ਬਾਅਦ ਹੋਰ ਵੀ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ। ਮਾਮਲਾ ਕੁੱਝ ਇਸ ਤਰਾਂ ਹੈ ਕਿ ਸ਼ਵਿੰਦਰਪ੍ਰੀਤ ਸਿੰਘ ਅਤੇ ਦੀਪਕ ਸ਼ਰਮਾ ਵਾਸੀਅਨ ਪਟਿਆਲਾ ਕੈਨੇਡਾ ਜਾਣ ਦੇ ਚਾਹਵਾਨ ਸਨ ਜਿਸ ਲਈ ਅੰਮ੍ਰਿਤਸਰ ਦੇ ਟਰੈਵਲ ਏਜੰਟ ਜਗਦੀਸ਼ ਲੱਕੀ ਨਾਲ ਸੰਪਰਕ ਕੀਤਾ ਅਤੇ 42 ਲੱਖ ਰੁਪਏ ’ਚ ਸੌਦਾ ਕਰ ਲਿਆ।

ਇਹ ਪੈਸੇ ਦੋਵਾਂ ਨੌਜਵਾਨਾਂ ਦੇ ਮਾਪਿਆਂ ਨੇ ਆਪਣੀ ਸੇਵਾਮੁਕਤੀ ਉਪਰੰਤ ਮਿਲੇ ਪੈਸਿਆਂ ਚੋਂ ਦਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਏਜੰਟ ਨੇ ਨੌਜਵਾਨਾਂ ਨੂੰ ਲੁੱਟਣ ਦਾ ਮਨ ਬਣਾ ਲਿਆ ਅਤੇ ਅੰਮ੍ਰਿਤਸਰ ’ਚ ਤਾਇਨਾਤ ਇੱਕ ਛੋਟੇ ਥਾਣੇਦਾਰ ਨਾਲ ਮਿਲਕੇ ਲੁੱਟ ਨੂੰ ਅੰਜਾਮ ਦੇਣ ਦੀ ਸਕੀਮ ਤਿਆਰ ਕਰ ਲਈ। ਆਪਣੀ ਯੋਜਨਾ ਮੁਤਾਬਕ ਜਗਦੀਸ਼ ਲੱਕੀ ਦੋਵਾਂ ਨੌਜਵਾਨਾਂ ਨੂੰ ਲੈਕੇ ਜੈਪੁਰ ਪੁੱਜ ਗਿਆ ਜਿੱਥੇ ਉਨ੍ਹਾਂ ਨੂੰ ਕੈਨੇਡਾ ਭੇਜਣ ਲਈ ਜਹਾਜ ਚੜ੍ਹਾਉਣ ਬਾਰੇ ਕਿਹਾ  ਸੀ। ਜਗਦੀਸ਼ ਲੱਕੀ 42 ਲੱਖ ਰੁਪਏ ਬਠਿੰਡਾ ਮੰਗਵਾ ਲਏ ਜੋ ਸ਼ਵਿੰਦਰਪ੍ਰੀਤ ਅਤੇ ਦੀਪਕ ਦੇ ਦੋਸਤ ਲੈਕੇ ਆਏ ਅਤੇ ਉੁਨ੍ਹਾਂ ਨੇ ਹੋਟਲ ’ਚ ਕਮਰਾ ਨੰਬਰ 203 ਲੈ ਲਿਆ ।

ਇਹ 42 ਲੱਖ ਰੁਪਿਆ ਉਨ੍ਹਾਂ ਨੇ ਲੱਕੀ ਦੇ ਸਾਥੀ ਏਜੰਟ ਨਿਸ਼ਾਨ ਸਿੰਘ ਨੂੰ  ਸ਼ਵਿੰਦਰਪ੍ਰੀਤ ਅਤੇ ਦੀਪਕ ਸ਼ਰਮਾ ਨੂੰ ਕੈਨੇਡਾ ਜਾਣ ਵਾਲੀ ਫਲਾਈਟ ’ਚ ਚੜ੍ਹਾਉਣ ਤੋਂ ਬਾਅਦ ਦੇਣਾ ਸੀ । ਹੋਟਲ ਫਾਈਵ ਰਿਵਰਜ਼ ’ਚ ਨਿਸ਼ਾਨ ਸਿੰਘ ਨੇ ਗੁਰਪ੍ਰੀਤ ਅਤੇ ਵਰਿੰਦਰ ਨਾਲ ਸੰਪਰਕ ਕੀਤਾ ਜੋ ਉਨ੍ਹਾਂ ਦੇ ਨਾਲ ਵਾਲੇ ਕਮਰਾ ਨੰਬਰ 204 ’ਚ ਠਹਿਰਿਆ ਹੋਇਆ ਸੀ। ਆਪਣੀ ਯੋਜਨਾ ਤਹਿਤ 15 ਅਪਰੈਲ ਨੂੰ ਨਿਸ਼ਾਨ ਸਿੰਘ ਕਮਰਾ ਨੰਬਰ 203 ’ਚ ਆਇਆ ਅਤੇ 42 ਲੱਖ ਰੁਪਏ ਉਨ੍ਹਾਂ ਕੋਲ ਹੋਣ ਦੀ ਤਸੱਲੀ ਕਰ ਲਈ। ਸਵੇਰੇ ਕਰੀਬ ਪੰਜ ਵਜੇ ਨਿਸ਼ਾਨ ਸਿੰਘ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਉਸ ਦੀ ਅਵਾਜ਼ ਪਛਾਣਕੇ ਗੁਰਪ੍ਰੀਤ ਅਤੇ ਵਰਿੰਦਰ ਨੇ ਦਰਵਾਜਾ ਖੋਹਲ ਦਿੱਤਾ ।

ਦੋਵਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਾਹਮਣੇ ਦੋ ਲੋਕ ਪੁਲਿਸ ਦੀ ਵਰਦੀ ’ਚ ਖਲੋਤੇ ਸਨ ਜਦੋਂਕਿ ਬਾਕੀ ਸਾਦੇ ਕੱੱਪੜਿਆਂ ’ਚ ਸਨ। ਇਹ ਲੋਕ ਨਿਸ਼ਾਨ ਸਿੰਘ ਸਮੇਤ ਕਮਰੇ ’ਚ ਦਾਖਲ ਹੋ ਗਏ ਅਤੇ ਕਿਹਾ ਕਿ ਤੁਸੀਂ ਚਿੱਟਾ ਵੇਚਦੇ ਹੋ ਅਤੇ ਤੁਹਾਡੇ ਕੋਲ ਡਰੱਗ ਮਨੀ ਹੈ। ਉਨ੍ਹਾਂ ਨੇ ਆਪਣੀ ਪਛਾਣ ਸੀ ਆਈ ਏ ਸਟਾਫ ਵਜੋ ਦੱਸੀ ਅਤੇ ਆਪਣੇ ਨਾਲ ਜਾਣ ਅਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਇਸੇ ਦੌਰਾਨ ਇੰਨ੍ਹਾਂ ਲੋਕਾਂ ਨੇ ਪੈਸਿਆਂ ਵਾਲਾ ਬੈਗ ਚੁੱਕ ਲਿਆ ਅਤੇ ਬਾਹਰ ਖਲੋਤੀ ਸਵਿਫਟ ਡਿਜ਼ਾਇਰ ਗੱਡੀ ’ਚ ਦੋਵਾਂ ਨੂੰ ਅਗਵਾ ਕਰਕੇ ਨਾਲ ਲੈ ਗਏ। ਲੁਟੇਰਿਆਂ ਨੇ ਉਨ੍ਹਾਂ ਨੂੰ ਮਲੋਟ ਰੋਡ ਤੇ ਉਤਾਰ ਦਿੱਤਾ ਜਿੱਥੋਂ ਉਹ ਬੜੀ ਮੁਸ਼ਕਲ ਨਾਲ ਕਿਸੇ ਤੋਂ ਲਿਫਟ ਲੈਕੇ ਹੋਟਲ ਪੁੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

         

ਨਿਸ਼ਾਨ ਵੱਲ ਘੁੰਮੀ ਸ਼ੱਕ ਦੀ ਸੂਈ

ਆਪਣੇ ਸਾਥੀਆਂ ਨਾਲ ਲੁੱਟ ਦੀ ਇਹ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਨਿਸ਼ਾਨ ਸਿੰਘ ਦੇ ਗਾਇਬ ਹੋਣ ਕਾਰਨ ਪੁਲਿਸ ਦੀ ਸ਼ੱਕ ਦੀ ਸੂਈ ਨਿਸ਼ਾਨ ਵੱਲ ਘੁੰਮ ਗਈ। ਪੁਲਿਸ ਨੇ ਜਦੋਂ ਤਫਤੀਸ਼ ਨੂੰ ਵੱਖ ਵੱਖ ਢੰਗਾਂ ਨਾਲ ਅੱਗੇ ਵਧਾਇਆ ਤਾਂ ਜਾਂਚ ਅਧਿਕਾਰੀਆਂ ਦਾ ਸ਼ੱਕ ਯਕੀਨ ’ਚ ਬਦਲ ਗਿਆ। ਇਸ ਤੋਂ ਬਾਅਦ ਥਾਣਾ ਸਿਵਲ ਲਾਈਨ ’ਚ ਏਜੰਟ ਜਗਦੀਸ਼ ਲੱਕੀ ਅਤੇ ਨਿਸ਼ਾਨ ਸਿੰਘ ਸਮੇਤ 10 ਵਿਅਕਤੀਆਂ ਖਿਲਾਫ ਲੁੱਟ ਖੋਹ,ਅਗਵਾ ਅਤੇ ਅਸਲਾ ਐਕਟ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਛਾਪੇ ਮਾਰਨ ’ਚ ਜੁਟੀ ਪੁਲਿਸ ਨੂੰ ਉਮੀਦ ਹੈ ਕਿ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।

Leave a Reply

Your email address will not be published. Required fields are marked *