Patiala News :ਵੀਰਵਾਰ ਤੜਕਸਾਰ ਪਟਿਆਲਾ-ਸੰਗਰੂਰ ਰੋਡ ਤੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਇੱਕ ਤੇਜ਼ ਰਫ਼ਤਾਰ ਟਿੱਪਰ ਫ਼ੇਟ ਲੱਗਣ ਨਾਲ ਪੀਆਰਟੀਸੀ ਦੀ ਬੱਸ ਬੇਕਾਬੂ ਹੋ ਗਈ, ਜਿਸ ਕਾਰਨ ਉਸ ਦੀ ਟੱਕਰ ਇੱਕ ਹੋਰ ਟਰੱਕ ਨਾਲ ਹੋ ਗਈ। ਟੱਕਰ ਦੌਰਾਨ ਬੱਸ ਜਿਥੇ ਬੂਰੀ ਤਰ੍ਹਾਂ ਨੁਕਸਾਨੀ ਗਈ ਉਥੇ ਹੀ ਸਵਾਰੀਆਂ ਸਣੇ ਡਰਾਇਵਰ ਤੇ ਕੰਡਕਟਰ ਵੀ ਬੂਰੀ ਤਰ੍ਹਾ ਜਖ਼ਮੀਂ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਸਣੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਦੋਂਕਿ ਰਾਹਗੀਰਾਂ ਦੀ ਮਦਦ ਨਾਲ ਸਵਾਰੀਆਂ ਤੇ ਕੰਡਕਟਰ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀ ਥਾਣਾ ਪਸਿਆਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Patiala News |
ਇਸ ਦੀ ਪੁਸ਼ਟੀ ਕਰਦਿਆਂ ਥਾਣਾ ਪਸਿਆਣਾ ਜਾਂਚ ਅਧਿਕਾਰੀ ਐਸਆਈ ਪਰਮਜੀਤ ਸਿੰਘ ਨੇ ਦਸਿਆ ਕਿ ਵੀਰਵਾਰ ਦੀ ਸਵੇਰ ਸਾਢੇ 7 ਵਜੇ ਦੇ ਕਰੀਬ ਕਾਫ਼ੀ ਧੁੰਦ ਸੀ। ਜਿਸ ਕਾਰਨ ਪਿਛੋਂ ਦੀ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਟਿੱਪਰ ਨੇ ਪੀਆਰਟੀਸੀ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਫ਼ੇਟ ਕਾਰਨ ਬੇਕਾਬੂ ਹੋਈ ਬੱਸ ਦੀ ਕਿਸੇ ਹੋਰ ਟਰੱਕ ਨਾਲ ਟੱਕਰ ਹੋ ਗਈ ਹੈ। ਹਾਦਸੇ ਇਨਾ ਭਿਆਨਕ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਜਾਣ ਦੇ ਨਾਲ ਸਵਾਰੀਆਂ ਵੀ ਗੰਭੀਰ ਜਖ਼ਮੀਂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਚਾਲਕ ਫ਼ਰਾਰ ਹੋ ਗਿਆ ਹੈ। ਜਦੋਂਕਿ ਜਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿਨਾਂ ਦੇ ਪੁਲਿਸ ਵਲੋਂ ਜਲਦ ਹੀ ਬਿਆਨ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।