Patiala News 15 January 2022
ਲਾਲੜੂ : ਲਾਲੜੂ ਪੁਲਿਸ ਨੇ ਬੀਐੱਲਓ ਦੀ ਡਿਊਟੀ ਨਾ ਕਰਨ ’ਤੇ ਦੋ ਅਧਿਆਪਕਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ’ਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੀ ਅਧਿਆਪਕਾ ਹਾਲੇ ਮੈਡੀਕਲ ਛੁੱਟੀ ’ਤੇ ਹੈ। ਜ਼ਮਾਨਤਯੋਗ ਜੁਰਮ ਹੋਣ ਕਾਰਨ ਗ੍ਰਿਫ਼ਤਾਰ ਅਧਿਆਪਕਾ ਨੂੰ ਬਾਅਦ ’ਚ ਪੁਲਿਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਚੋਣ ਡਿਊਟੀ ’ਚ ਲਾਪ੍ਰਵਾਹੀ ਲਈ ਐੱਫਆਈਆਰ ਤੋਂ ਬਾਅਦ ਗ੍ਰਿਫ਼ਤਾਰੀ ਤਕ ਪਹੁੰਚਣ ਦਾ ਇਹ ਆਪਣੇ ਆਪ ’ਚ ਪਹਿਲਾ ਮਾਮਲਾ ਹੈ।
assembly election in punjab : Patiala News |
ਮਾਮਲਾ ਲਾਲੜੂ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ, ਜਿੱਥੇ 8 ਅਕਤੂਬਰ 2021 ਨੂੰ ਹੋਈ ਚੋਣ ਪ੍ਰਕਿਰਿਆ ਦੌਰਾਨ ਤਿੰਨ ਅਧਿਆਪਕਾਵਾਂ ਨੂੰ ਬੂਥ ਲੈਵਲ ਅਫ਼ਸਰ (ਬੀਐੱਲਓ) ਵਜੋਂ ਨਿਯੁਕਤ ਕੀਤਾ ਗਿਆ ਸੀ ਪਰ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅਧਿਆਪਕਾਵਾਂ ਨਾ ਤਾਂ ਡਿਊਟੀ ’ਤੇ ਆਈਆਂ ਅਤੇ ਨਾ ਹੀ ਕੋਈ ਕਾਰਨ ਦੱਸਣਾ ਜ਼ਰੂਰੀ ਸਮਝਿਆ। 13 ਦਸੰਬਰ ਨੂੰ ਇਨ੍ਹਾਂ ’ਚੋਂ ਇੱਕ ਅਧਿਆਪਕਾ ਕਿਸੇ ਤਰ੍ਹਾਂ ਡਿਊਟੀ ਜੁਆਇਨ ਕਰਕੇ ਆਪਣਾ ਬਚਾਅ ਕਰਨ ’ਚ ਕਾਮਯਾਬ ਹੋ ਗਈ, ਜਦਕਿ ਡੇਰਾਬਸੀ ਦੀ ਐੱਸਡੀਐੱਮ ਕਮ-ਰਿਟਰਨਿੰਗ ਅਫ਼ਸਰ ਨੇ ਦੋ ਅਧਿਆਪਕਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਐੱਸਡੀਐੱਮ ਸਵਾਤੀ ਟਿਵਾਣਾ ਨੇ ਕਿਹਾ ਕਿ ਜ਼ਿੰਮੇਵਾਰ ਪੋਸਟ ’ਤੇ ਕੰਮ ਕਰਦੀਆਂ ਸਰਕਾਰੀ ਅਧਿਆਪਕਾਵਾਂ ਨੇ ਬੀਐੱਲਓ ਦੀ ਚੋਣ ਡਿਊਟੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਏਐੱਸਆਈ ਜਗਤਾਰ ਸੈਣੀ ਦੇ ਅਨੁਸਾਰ, ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 32 ਦੇ ਤਹਿਤ ਐੱਫਆਈਆਰ ਦਰਜ ਕਰਕੇ ਇੱਕ ਅਧਿਆਪਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ, ਜਦਕਿ ਦੂਜੀ ਅਧਿਆਪਕਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਮੈਡੀਕਲ ਛੁੱਟੀ ’ਤੇ ਗਈ ਹੋਈ ਹੈ।