ਚੋਣਾਂ ਨਿਰਵਿਘਨ ਨੇਪਰੇ ਚੜ੍ਹਾਉਣ ਲਈ ਹਦਾਇਤਾਂ DC Patiala

 ‘ਵਿਧਾਨ ਸਭਾ ਚੋਣਾਂ 2022’

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨੋਡਲ ਅਧਿਕਾਰੀਆਂ ਨਾਲ ਬੈਠਕ, ਚੋਣਾਂ ਨਿਰਵਿਘਨ ਨੇਪਰੇ ਚੜ੍ਹਾਉਣ ਲਈ ਹਦਾਇਤਾਂ
-ਚੋਣ ਜਾਬਤੇ ਦੀ ਪਾਲਣਾ ਕਰਦਿਆਂ ਹਰ ਅਧਿਕਾਰੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵੇ-ਸੰਦੀਪ ਹੰਸ

ਪਟਿਆਲਾ, 12 ਜਨਵਰੀ 2022
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਵਿਧਾਨ ਸਭਾ ਚੋਣਾਂ ਨੂੰ ਨਿਰਵਿਘਨ ਅਤੇ ਨਿਰਪੱਖ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਗਏ ਸਮੂਹ ਨੋਡਲ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਦੇ ਹੋਏ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਆਪਣੀ ਜਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਕਿ ਵਿਧਾਨ ਸਭਾ ਚੋਣਾਂ ਨੂੰ ਨਿਰਵਿਘਨ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।

ਸ੍ਰੀ ਸੰਦੀਪ ਹੰਸ ਨੇ ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ੀਸ ਸਿੰਘ ਅੰਟਾਲ ਨੂੰ ਕਿਹਾ ਕਿ ਉਹ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਵੋਟਾਂ ਲਾਜਮੀ ਪਾਉਣ ਸਮੇਤ ਵੋਟਰ ਹੈਲਪਲਾਈਨ ਐਪ ਅਤੇ ਸੀ ਵਿਜਲ ਐਪ ਬਾਰੇ ਵੀ ਜਾਗਰੂਕ ਕਰਨ। ਉਨ੍ਹਾਂ ਨੇ ਪੀ.ਡਬਲਿਯੂ.ਡੀ. ਵੋਟਰਾਂ ਲਈ ਨੋਡਲ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੂੰ ਕਿਹਾ ਕਿ ਉਹ ਅਜਿਹੇ ਵੋਟਰਾਂ ਦੀਆਂ ਵੋਟਾਂ ਪੁਆਉਣ ਲਈ ਇੱਕਸਾਰ ਤਜਵੀਜ ਬਣਾਉਣ, ਜਿਹੜੇ ਵੋਟਰਾਂ ਨੂੰ ਬੈਲਟ ਪੇਪਰ ਦੀ ਲੋੜ ਹੈ ਜਾਂ ਦਿਵਿਆਂਗ ਵੋਟਰਾਂ ਸਮੇਤ ਬਿਰਧ ਵੋਟਰਾਂ ਨੂੰ ਕਿਸੇ ਹੋਰ ਸਹਾਇਤਾ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੀਆਂ ਵੀ ਵੋਟਾਂ ਲਾਜਮੀ ਪੁਆਈਆਂ ਜਾ ਸਕਣ।

ਜ਼ਿਲ੍ਹਾ ਚੋਣ ਅਫ਼ਸਰ ਨੇ ਇਸੇ ਤਰ੍ਹਾਂ ਹੀ ਆਬਕਾਰੀ ਵਿਭਾਗ ਦੇ ਨੋਡਲ ਅਧਿਕਾਰੀ ਨੂੰ ਕਿਹਾ ਕਿ ਗ਼ੈਰਕਾਨੂੰਨੀ ਸ਼ਰਾਬ ਦਾ ਪ੍ਰਚਲਣ ਰੋਕਣ ਸਮੇਤ ਵੋਟਾਂ ਦੌਰਾਨ ਸ਼ਰਾਬ ਵੰਡੇ ਜਾਣ ਦੇ ਖਦਸ਼ੇ ਸਬੰਧੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਇਸ ਸਬੰਧੀ ਪੁਲਿਸ ਨਾਲ ਮਿਲਕੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਬਹੁਤ ਜਲਦ ਹੀ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਆਬਜਰਵਰ ਪਟਿਆਲਾ ਪੁੱਜ ਜਾਣਗੇ, ਇਸ ਲਈ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਸਮੇਤ ਉਨ੍ਹਾਂ ਦੇ ਰਹਿਣ ਆਦਿ ਦੇ ਪੁਖ਼ਤਾ ਇੰਤਜਾਮ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਹਰ ਬੂਥ ‘ਤੇ ਕੋਵਿਡ ਨਿਯਮਾਂ ਦਾ ਪਾਲਣ ਵੀ ਯਕੀਨੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਨੋਡਲ ਅਫ਼ਸਰ ਵੈਲਫੇਅਰ ਅਕਬਰ ਅਲੀ ਨੂੰ ਉਨ੍ਹਾਂ ਕਿਹਾ ਕਿ ਵੋਟਾਂ ਪੁਆਉਣ ਲਈ ਤਾਇਨਾਤ ਕੀਤੇ ਜਾਣ ਵਾਲੇ ਸਮੁੱਚੇ ਚੋਣ ਅਮਲੇ ਅਤੇ ਸੁਰੱਖਿਆ ਕਰਮਚਾਰੀਆਂ ਲਈ ਭੋਜਨ ਆਦਿ ਦੇ ਪੁਖ਼ਤਾ ਅਤੇ ਸਾਰੇ ਹਲਕਿਆਂ ‘ਚ ਇਕਸਾਰ ਇੰਤਜਾਮ ਕੀਤੇ ਜਾਣ। ਉਨ੍ਹਾਂ ਨੇ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ ਨੂੰ ਕਿਹਾ ਕਿ ਸਾਰੇ ਚੋਣ ਅਮਲੇ ਦਾ ਕੋਵਿਡ ਟੀਕਾਕਰਨ ਲਾਜਮੀ ਕਰਵਾਉਣ ਲਈ ਸਿਵਲ ਸਰਜਨ ਨਾਲ ਤਾਲਮੇਲ ਕੀਤਾ ਜਾਵੇ।

ਸ੍ਰੀ ਸੰਦੀਪ ਹੰਸ ਨੇ ਸਮੂਹ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਨਿਰਵਿਘਨ ਨੇਪਰੇ ਚੜ੍ਹਾਉਣ ਲਈ ਇੱਕ ਟੀਮ ਦੀ ਤਰ੍ਹਾਂ ਕੰਮ ਕਰਦਿਆਂ ਆਪਸੀ ਤਾਲਮੇਲ ਨਾਲ ਹਰ ਕੰਮ ਨੂੰ ਸਮੇਂ ਸਿਰ ਨਿਪਟਾਅ ਲਿਆ ਜਾਵੇ ਤਾਂ ਕਿ ਕੋਈ ਦਿਕਤ ਨਾ ਆਵੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ, ਸਕੱਤਰ ਆਰ.ਟੀ.ਏ. ਖੁਸ਼ਦਿਲ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਚੋਣ ਤਹਿਸੀਲਦਾਰ ਰਾਮਜੀ ਲਾਲ, ਚੋਣ ਕਾਨੂੰਗੋ ਪ੍ਰਿਯੰਕਾ ਰਾਣੀ ਸਮੇਤ ਵੱਡੀ ਗਿਣਤੀ ਹੋਰ ਅਧਿਕਾਰੀ ਵੀ ਮੌਜੂਦ ਸਨ।

dc patiala

Leave a Reply

Your email address will not be published. Required fields are marked *