ਐਸ ਐਸ ਪੀ ਦਫ਼ਤਰ ਸੰਗਰੂਰ ਅੱਗੇ 5 ਦਿਨਾਂ ਤੋਂ ਚੱਲ ਰਿਹਾ ਧਰਨਾ ਮੁਲਤਵੀ । Sangrur News Live

Sangrur News Live 16th January 2022

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ਾਦੀਹਰੀ ਦੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੜਕਦੀ ਠੰਡ ਵਿੱਚ ਐੱਸਐੱਸਪੀ ਦਫ਼ਤਰ ਸੰਗਰੂਰ ਅੱਗੇ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਨੂੰ ਜਥੇਬੰਦੀਆਂ ਨੇ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਤੱਕ ਰਿਪੋਰਟ ਤਿਆਰ ਕਰਨ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਹੈ।

ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਮੱਖਣ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਗਟ ਕਾਲਾਝਾੜ ਨੇ ਕਿਹਾ ਨਜ਼ਾਇਜ ਤਰੀਕੇ ਨਾਲ ਗ੍ਰਿਫਤਾਰ ਕੀਤੇ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਨੂੰ ਲੈ ਕੇ ਚੱਲ ਰਿਹਾ ਧਰਨਾ ਅੱਜ ਪੰਜਵੇਂ ਦਿਨ ਕੁੁੱੱਝ ਸਮੇਂ ਲਈ ਪ੍ਰਸ਼ਾਸਨ ਵੱਲੋਂ ਸਮਾਂ ਮੰਗਣ ਤੇ ਮੁਲਤਵੀ ਕੀਤਾ ਗਿਆ ਹੈ। ਜਿਸ ਦੌਰਾਨ ਐੱਸਪੀ ਅਤੇ ਡੀਐੱਸਪੀ ਵੱਲੋਂ ਸ਼ੁੱਕਰਵਾਰ ਤੱਕ ਦੂਜੀ ਧਿਰ ਦੇ ਬਿਆਨ ਲੈ ਕੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਛੱਡਣ ਦਾ ਭਰੋਸਾ ਦਿੱਤਾ ਗਿਆ ਹੈ।

ਆਗੂਆਂ ਨੇ ਕਿਹਾ ਕਿ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਬਣਨ ਲਈ ਅਤੇ ਨਜ਼ੂਲ ਜ਼ਮੀਨ ਦੇ ਹੱਕ ਲਈ ਸਮੂਹ ਐੱਸਸੀ ਭਾਈਚਾਰਾ ਲਗਾਤਾਰ ਸੰਘਰਸ਼ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਹੱਕ ਦੇਣ ਦੀ ਬਜਾਏ ਗੱਲਬਾਤ ਦੇ ਬਹਾਨੇ ਨਾਲ ਬੁਲਾ ਕੇ ਦਿੜ੍ਹਬਾ ਪੁਲਸ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਦਲਿਤਾਂ ਨਾਲ ਸਰਾਸਰ ਧੱਕਾ ਹੈ।

ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਮਸਲਾ ਇਕੱਲਾ ਪਿੰਡ ਸ਼ਾਦੀਹਰੀ ਦਾ ਨਹੀਂ ਰਹਿ ਗਿਆ ਸਗੋਂ ਪੂਰੇ ਸੰਗਰੂਰ ਜ਼ਿਲ੍ਹੇ ਦਾ ਹੱਕ ਮੰਗਦੇ ਲੋਕਾਂ ਦਾ ਸੰਘਰਸ਼ ਬਣੇਗਾ ।ਇਸ ਲਈ ਜੇਕਰ ਆਗੂਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਾਰੀਆਂ ਜਨਤਕ ਜਥੇਬੰਦੀਆਂ ਸ਼ਨੀਵਾਰ ਨੂੰ ਵੱਡੇ ਇਕੱਠ ਵਿੱਚ ਸ਼ਮੂਲੀਅਤ ਕਰਨਗੀਆਂ। ਇਸ ਤੋਂ ਬਿਨਾਂ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਨਾ ਬਣਾਉਣ ਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਦੋ ਦਿਨ ਲਈ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ।

ਇਸ ਧਰਨੇ ਵਿੱਚ ਜ਼ਬਰ ਵਿਰੋਧੀ ਐਕਸ਼ਨ ਕਮੇਟੀ, ਜਮੀਨ ਪ੍ਰਾਪਤੀ ਸੰਘਰਸ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਮੂਲ ਭਾਰਤੀ ਚਿੰਤਨ ਸੰਘ ਨਾਭਾ ਵੱਲੋੋਂ ਪੂਰੀ ਹਮਾਇਤ ਕੀਤੀ ਗਈ।

Sangrur News Live
Sangrur News Live

Leave a Reply

Your email address will not be published. Required fields are marked *