Mastermind Ludhiana Bomb Blast ਜਰਮਨੀ ‘ਚ ਗ੍ਰਿਫ਼ਤਾਰ – ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ

Mastermind Ludhiana Bomb Blast
Mastermind Ludhiana Bomb Blast


ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਮੁਲਤਾਨੀ ਜਰਮਨੀ ਵਿੱਚ ਗ੍ਰਿਫ਼ਤਾਰ

  • ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ
  • ‘ਸਿੱਖਸ ਫ਼ਾਰ ਜਸਟਿਸ’ ਨਾਲ ਸੀ ਸਬੰਧ 

ਲੁਧਿਆਣਾ, 28 ਦਸੰਬਰ, 2021:
ਲੁਧਿਆਣਾ ਵਿੱਚ ਬੀਤੀ 23 ਦਸੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਜਰਮਨੀ ਵਿੱਚ ਰਹਿੰਦੇ ਅਤੇ ਗੁਰਪਤਵੰਤ ਸਿੰਘ ਪੰਨੂੰ ਦੀ ਅਗਵਾਈ ਵਾਲੀ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨਾਂਅ ਦੇ ਇਕ ਵਿਅਕਤੀ ਨੂੰ ਜਰਮਨੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਜਸਵਿੰਦਰ ਸਿੰਘ ਮੁਲਤਾਨੀ ਨੂੂੰ ਕੇਂਦਰੀ ਜਰਮਨੀ ਦੇ ਐਹਫਟ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਜਸਵਿੰਦਰ ਸਿੰਘ ਮੁਲਤਾਨੀ ਦੀ ਇਸ ਮਾਮਲੇ ਵਿੱਚ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਡਿਪਲੌਮੈਟਿਕ ਦਖ਼ਲ ਤੋਂ ਬਾਅਦ ਸੰਭਵ ਹੋਈ ਹੈ।
ਯਾਦ ਰਹੇ ਕਿ ਉਕਤ ਜ਼ਬਰਦਸਤ ਬੰਬ ਧਮਾਕੇ ਵਿੱਚ ਕੇਵਲ ਇਸ ਧਮਾਕੇ ਦਾ ਦੋਸ਼ੀ ਗਗਨਦੀਪ ਹੀ ਮਾਰਿਆ ਗਿਆ ਸੀ ਅਤੇ 6 ਹੋਰ ਲੋਕ ਜ਼ਖ਼ਮੀ ਹੋਏ ਸਨ।

ਜਾਣਕਾਰ ਸੂਤਰਾਂ ਅਨੁਸਾਰ ਮੁਲਤਾਨੀ ਦਾ ਨਾਂਅ ਇਸ ਬੰਬ ਧਮਾਕੇ ਦੇ ਦੋਸ਼ੀ ਅਤੇ ਇਸ ਧਮਾਕੇ ਵਿੱਚ ਮਾਰੇ ਗਏ ਬਰਖ਼ਾਸਤ ਪੁਲਿਸ ਕਰਮੀ ਗਗਨਦੀਪ ਦੀ ਬਰਾਮਦ ਕੀਤੀ ਗਈ ਇਕ ਡੌਂਗਲ ਵਿੱਚਲੇ ਡਾਟੇ ’ਤੋਂ ਸਾਹਮਣੇ ਆਇਆ ਸੀ ਜਿਸ ਦੇ ਆਧਾਰ ’ਤੇ ਅੱਗੇ ਕਾਰਵਾਈ ਕਰਦਿਆਂ ਇਹ ਪਾਇਆ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ, ਜਿਸ ਦੇ ਕਥਿਤ ਤੌਰ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ.ਨਾਲ ਸੰਬੰਧ ਹਨ, ਨੇ ਭੂਰਾ ਅਤੇ ਰਿੰਦਾ ਨਾਂਅ ਦੇ ਦੋ ਵਿਅਕਤੀਆਂ ਰਾਹੀਂ ਵਿਸਫ਼ੋਟਕ ਮੁਹੱਈਆ ਕਰਵਾਇਆ ਸੀ, ਜਿਹੜਾ ਇਸ ਧਮਾਕੇ ਲਈ ਵਰਤਿਆ ਗਿਆ। ਡੌਂਗਲ ਤੋਂ ਕਥਿਤ ਤੌਰ ’ਤੇ ਇਹ ਖ਼ੁਲਾਸਾ ਹੋਇਆ ਸੀ ਕਿ ਗਗਨਦੀਪ ਨੇ ਦੁਬਈ, ਮਲੇਸ਼ੀਆ ਅਤੇ ਪਾਕਿਸਤਾਨ ਵਿੱਚ ਕਈ ਕਾਲਾਂ ਕੀਤੀਆਂ ਸਨ।

ਮੁਲਤਾਨੀ ਬਾਰੇ ਖ਼ਬਰ ਹੈ ਕਿ ਉਹ ਐਸ.ਐਫ.ਜੇ. ਦਾ ਇਕ ਪ੍ਰਮੁੱਖ ਕਾਰਕੁੰਨ ਹੈ ਅਤੇ ਸੰਸਥਾ ਦੇ ਮੁਖ਼ੀ ਗੁਰਪਤਵੰਤ ਸਿੰਘ ਪੰਨੂੂੰ ਦਾ ਕਰੀਬੀ ਹੈ। ਉਹ ਜਰਮਨੀ ਵਿੱਚ ਐਸ.ਐਫ.ਜੇ. ਦੇ 2020 ਰਿਫਰੈਂਡਮ ਨਾਲ ਵੀ ਸਰਗਰਮ ਤੌਰ ’ਤੇ ਜੁੜਿਆ ਹੋਇਆ ਹੈ।

ਕੇਂਦਰ ਸਰਕਾਰ ਵੱਲੋਂ ਜਰਮਨੀ ਸਰਕਾਰ ਨੂੰ ਇਹ ਹਵਾਲਾ ਵੀ ਦਿੱਤਾ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰ ਸਮੱਗਲ ਕਰਨ ਵਿੱਚ ਸਹਾਈ ਹੋ ਰਿਹਾ ਸੀ ਅਤੇ ਉਸਦੀ ਮਨਸ਼ਾ ਪੰਜਾਬ ਦੇ ਨਾਲ ਨਾਲ ਦਿੱਲੀ ਅਤੇ ਮੁੰਬਈ ਜਿਹੇ ਵੱਡੇ ਸ਼ਹਿਰਾਂ ਵਿੱਚ ਕੁਝ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਵੀ ਸੀ।
ਮੁਲਤਾਨੀ ਦੀ ਗ੍ਰਿਫ਼ਤਾਰੀ ਨੂੂੰ ਅੰਮ੍ਰਿਤਸਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 7 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ ਜਿਨ੍ਹਾਂ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲਾ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੀਵਨ ਸਿੰਘ ਨਾਂਅ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਨੂੰ ਵੀ ਮੁਲਤਾਨੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਕੁਝ ਕਾਰਵਾਈਆਂ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ।

ਜਰਮਨੀ ਤੋਂ ਗ੍ਰਿਫ਼ਤਾਰ ਜਸਵਿੰਦਰ ਸਿੰਘ ਮੁਲਤਾਨੀ ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ – ਸੂਤਰਾਂ ਦਾ ਦਾਅਵਾ

ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਜਰਮਨੀ ਦੇ ਸ਼ਹਿਰ ਐਹਫ਼ਟ ਤੋਂ ਗ੍ਰਿਫ਼ਤਾਰ ਕੀਤੇ ਗਏ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਇਕ ਹੋਰ ਅਹਿਮ ਖ਼ੁਲਾਸਾ ਹੋਇਆ ਹੈ।
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮੁਲਤਾਨੀ ਕਿਸਾਨ ਅੰਦੋਲਨ ਦੇ ਮੁੱਖ ਚਿਹਰੇ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਚੁੱਕਾ ਸੀ।

ਦਾਅਵਾ ਹੈ ਕਿ ਇਸ ਲਈ ਉਸਨੇ ਜੀਵਨ ਸਿੰਘ ਨਾਂਅ ਦੇ ਪੰਜਾਬ ਦੇ ਵਿਅਕਤੀ ਨੂੂੰ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਤਿਆਰ ਕੀਤਾ ਸੀ। ਜੀਵਨ ਸਿੰਘ ਨੂੰ 7 ਫ਼ਰਵਰੀ ਨੂੰ ਅਮ੍ਰਿਤਸਰ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲੇ ਨਾਲ ਫ਼ੜੇ ਚਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਮੁਲਤਾਨੀ ਨੇ ਕਥਿਤ ਤੌਰ ’ਤੇ ਜੀਵਨ ਸਿੰਘ ਨੂੰ ਫੰਡ ਭੇਜੇ ਸਨ ਤਾਂ ਜੋ ਉਹ ਰਾਜੇਵਾਲ ਨੂੰ ਨਿਸ਼ਾਨਾ ਬਣਾਉਣ ਲਈ ਸਥਾਨਕ ਪੱਧਰ ’ਤੇ ਹਥਿਆਰਾਂ ਦਾ ਇੰਤਜ਼ਾਮ ਕਰਕੇ ਇਸ ਘਟਨਾ ਨੂੰ ਅੰਜਾਮ ਦੇ ਸਕੇ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੀ ‘ਮੁਅੱਤਲੀ’ ਤੋਂ ਬਾਅਦ ਸ:ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਸਣੇ ਸੰਯੁਕਤ ਕਿਸਾਨ ਮੋਰਚਾ ਵਿਚਲੀਆਂ 22 ਜਥੇਬੰਦੀਆਂ ਨੇ ਪੰਜਾਬ ਵਿੱਚ ਚੋਣਾਂ ਲੜਨ ਲਈ ‘ਸੰਯੁਕਤ ਸਮਾਜ ਮੋਰਚਾ’ ਨਾਂਅ ਦੀ ਨਵੀਂ ਜਥੇਬੰਦੀ ਖੜ੍ਹੀ ਕੀਤੀ ਹੈ ਅਤੇ ਇਸ ਜਥੇਬੰਦੀ ਨੇ ਰਾਜ ਦੀਆਂ 117 ਸੀਟਾਂ ’ਤੇ ਚੋਣ ਲੜਨ ਦੇ ਐਲਾਨ ਦੇ ਨਾਲ ਨਾਲ ਸ: ਰਾਜੇਵਾਲ ਨੂੂੰ ਹੀ ਮੁੱਖ ਚਿਹਰਾ ਜਾਂ ਫ਼ਿਰ ਮੁੱਖ ਮੰਤਰੀ ਦਾ ਚਿ ਹਰਾ ਐਲਾਨਿਆ ਹੈ।

Leave a Reply

Your email address will not be published. Required fields are marked *