ਹਾਈਵੇ ਤੇ ਲੱਗੀਆਂ ਰੇਹੜੀਆਂ ਕਾਰਨ ਵਾਪਰ ਰਹੇ ਹਾਦਸੇ
ਹਾਦਸੇ ਤੋਂ ਬਾਅਦ ਸੜਕ ਤੇ ਲੱਗਿਆ ਜਾਮ
News Patiala : ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਜੰਗਪੁਰਾ ਨੇੜੇ ਐਤਵਾਰ ਨੂੰ ਦੁਪਿਹਰ 2 ਵਜੇ ਦੇ ਕਰੀਬ 4 ਕਾਰਾਂ ਆਪਸ ‘ਚ ਟਕਰਾਅ ਗਈਆਂ। ਇਸ ਹਾਦਸੇ ‘ਚ ਕਾਰਾਂ ਦਾ ਭਾਰੀ ਨੁਕਸਾਨ ਹੋਇਆ, ਉਥੇ ਹੀ ਕਾਰ ਸਵਾਰਾਂ ਨੂੰ ਗੰਭੀਰ ਸੱਟਾਂ ਲੱਗੀਆ। ਜਿਨਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਹਾਦਸੇ ਤੋਂ ਬਾਅਦ ਸੜਕ ਤੇ ਜਾਮ ਲੱਗ ਗਿਆ। ਜਿਸ ਨੂੰ ਮੌਕੇ ‘ਤੇ ਪੁੱਜੇ ਹਾਈਵੇ ਪੈਟ੍ਰੋਿਲੰਗ ਦੇ ਮੁਲਾਜ਼ਮਾਂ ਨੇ ਨੁਕਸਾਨੀਆਂ ਗੱਡੀਆਂ ਨੂੰ ਸਾਈਡ ‘ਤੇ ਕਰਵਾ ਕੇ ਖੁੱਲ੍ਹਵਾਇਆ।
ਮੌਕੇ ‘ਤੇ ਮੌਜੂਦ ਪਿੰਡ ਜੰਗਪੁਰਾ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਜਪੁਰਾ ਤੋਂ ਬਨੂੜ ਵੱਲ ਨੂੰ ਆ ਰਹੇ ਕਾਰ ਚਾਲਕ ਨੇ ਓਵਰਟੇਕ ਕਰ ਰਹੇ ਵਾਹਨ ਨੂੰ ਵੇਖ ਕੇ ਬਰੇਕ ਲਾਈ ਤਾਂ ਪਿਛੋਂ ਆ ਰਹੀ ਇਕ ਤੋਂ ਬਾਅਦ ਇਕ ਕਾਰ ਅੱਗੇ ਜਾ ਰਹੀਆਂ ਕਾਰਾਂ ਨਾਲ ਜਾ ਟਕਰਾਈਆਂ।
ਇਸ ਹਾਦਸੇ ‘ਚ ਚਾਰ ਕਾਰਾਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਜ਼ਖਮੀ ਕਾਰ ਸਵਾਰਾਂ ਨੂੰ ਇਕੱਠੇ ਹੋਏ ਲੋਕਾਂ ਨੇ ਨੇੜੇ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਾਈਵੇ ਤੇ ਕਿਨੂੰਆਂ ਦੇ ਢੇਰ ਲਾਈ ਬੈਠੇ ਦੁਕਾਨਦਾਰਾਂ ਕਾਰਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿਨੂੰਆਂ ਦੀਆਂ ਢੇਰੀਆਂ ਲਾਈ ਬੈਠੇ ਇਹ ਦੁਕਾਨਦਾਰ ਸੜਕ ‘ਤੇ ਆਪਣੀਆਂ ਰੇਹੜੀਆਂ ਖੜ੍ਹੀਆਂ ਕਰ ਦਿੰਦੇ ਹਨ, ਜੋ ਆਵਾਜਾਈ ‘ਚ ਰੁਕਾਵਟ ਪਾਉਂਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਜਾਈ ‘ਚ ਰੁਕਾਵਟ ਬਣਦੀਆਂ, ਇਨ੍ਹਾਂ ਕਿਨੂੰਆਂ ਦੀਆਂ ਰੇਹੜੀਆਂ ਨੂੰ ਹਾਈਵੇ ਤੋਂ ਸਾਈਡ ‘ਤੇ ਕਰਵਾਇਆ ਜਾਵੇ ਤਾਂ ਜੋ ਰੋਜ਼ਾਨਾ ਹੁੰਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ।