ਚੰਡੀਗੜ੍ਹ, 23 ਨਵੰਬਰ, 2021:
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਬਣ ਕੇ ਕਥਿਤ ਤੌਰ ’ਤੇ ਨਾਜਾਇਜ਼ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਵਿੱਢਣ ਵਾਲੇ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਗਾਤਾਰ ਦੂਜੇ ਦਿਨ ਇਕ ਹੋਰ ਝਟਕਾ ਲੱਗਾ ਹੈ।
ਹੁਣ ਬਾਦਲ ਪਰਿਵਾਰ ਦੀ ਆਰਬਿੱਟ ਬੱਸ ਸਰਵਿਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜੋ —- ਕੇਬਲ ਕੁਨੈਕਸ਼ਨ ਲਈ 100 ਰੁਪਏ ਮਹੀਨਾ ਦੀ ਦਰ ਤੈਅ
ਆਰਬਿੱਟ ਬੱਸ ਸਰਵਿਸ ਨੇ ਅਦਾਲਤ ਵਿੱਚ ਪਟੀਸ਼ਨ ਪਾ ਕੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਨਾ ਕੀਤੇ ਜਾਣ ਅਤੇ ਨਿਯਮਾਂ ਅਨੁਸਾਰ ਟੈਕਸ ਭਰੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਬੱਸਾਂ ਟਰਾਂਸਪੋਰਟ ਮੰਤਰੀ ਦੇ ਹੁਕਮਾਂ ’ਤੇ ਜ਼ਬਤ ਕੀਤੀਆਂ ਗਈਆਂ ਅਤੇ ਪਰਮਿਟ ਰੱਦ ਕੀਤੇ ਗਏ ਹਨ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਨੇ ਆਰਬਿੱਟ ਬੱਸ ਸਰਵਿਸ ਦੀਆਂ ਬੱਸਾਂ ’ਤੇ ਕੀਤੀ ਗਈ ਕਾਰਵਾਈ ’ਤੇ ਰੋਕ ਲਗਾਉਂਦੇ ਹੋਏ ਨਾ ਕੇਵਲ ਜ਼ਬਤ ਬੱਸਾਂ ਨੂੰ ਇਕ ਘੰਟੇ ਦੇ ਅੰਦਰ ਛੱਡਣ ਦੇ ਹੁਕਮ ਦਿੱਤੇ ਗਏ ਸਗੋਂ ਰੱਦ ਕੀਤੇ ਗਏ ਪਰਮਿਟਾਂ ਨੂੰ ਵੀ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਵੀ ਨਿਊ ਦੀਪ ਬੱਸ ਸਰਵਿਸ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਇਸ ਨਿੱਜੀ ਬੱਸ ਉਪਰੇਟਰ ਨੂੰ ਵੀ ਰਾਹਤ ਪ੍ਰਦਾਨ ਕੀਤੀ ਸੀ।