ਪਟਿਆਲਾ, 22 ਨਵੰਬਰ, 2021 –
ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਮਲੇਰਕੋਟਲਾ ਜ਼ਿਲ੍ਹੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ‘ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹੇ ਦੇ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਕਮ ਐਸ.ਡੀ.ਐਮ ਮਲੇਰਕੋਟਲਾ ਸ੍ਰੀ ਜਸਬੀਰ ਸਿੰਘ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 106 ਅਮਰਗੜ੍ਹ ਕਮ ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨਾਲ ਬੈਠਕ ਕੀਤੀ।
Divisional Commissioner Chandra Gaind reviews with DC and AROs |
ਇਹ ਵੀ ਪੜੋ — ਕੇਬਲ ਕੁਨੈਕਸ਼ਨ ਲਈ 100 ਰੁਪਏ ਮਹੀਨਾ ਦੀ ਦਰ ਤੈਅ
ਵਿਧਾਨ ਸਭਾ ਹਲਕਾ ਵਾਰ ਆਗਾਮੀ ਚੋਣਾਂ ਬਾਰੇ ਤਿਆਰੀਆਂ ਦਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਪੱਖੋਂ ਬਰੀਕੀ ਨਾਲ ਜਾਇਜ਼ਾ ਲੈਣ ਮੌਕੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਨਿਰਵਿਘਨ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਜਲਦੀ ਤੋਂ ਜਲਦੀ ਮੁਕੰਮਲ ਕੀਤੀਆਂ ਜਾਣ।
ਸ੍ਰੀ ਚੰਦਰ ਗੈਂਦ ਨੇ ਅਧਿਕਾਰੀਆਂ ਨੂੰ ਵੋਟਾਂ ਬਣਵਾਉਣ ਤੋਂ ਪਿਛੇ ਰਹਿ ਗਏ ਨਾਗਰਿਕਾਂ, ਤੀਜੇ ਲਿੰਗ ਵਾਲੇ ਨਾਗਰਿਕਾਂ ਅਤੇ ਖਾਸ ਕਰਕੇ ਦਿਵਿਆਂਗਜਨਾਂ ਦੀਆਂ ਵੋਟਾਂ ਤੁਰੰਤ ਬਣਵਾਉਣ ਸਮੇਤ ਵੋਟਰਾਂ ਨੂੰ ਆਪਣੀਆਂ ਵੋਟਾਂ ਪਾਉਣ ਅਤੇ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਤੇਜ਼ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਨੇ ਟੋਲ ਫ਼ਰੀ ਨੰਬਰ 1950 ਨੂੰ ਵੀ ਸੁਚਾਰੂ ਰੂਪ ‘ਚ ਚਲਾਉਣ ਹਦਾਇਤ ਕਰਨ ਸਮੇਤ ਵਿਧਾਨ ਸਭਾ ਹਲਕਿਆਂ ‘ਚ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਨਵੇਂ ਸਿਰੇ ਤੋਂ ਪਛਾਣ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਸ੍ਰੀ ਚੰਦਰ ਗੈਂਦ ਨੂੰ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ‘ਚ ਇਸ ਸਮੇਂ 3 ਲੱਖ 18 ਹਜ਼ਾਰ 126 ਕੁਲ ਵੋਟਰ ਹਨ, ਜਿਨ੍ਹਾਂ ‘ਚ 1,68,693 ਮਰਦ ਵੋਟਰ, 1,49,424 ਮਹਿਲਾ ਵੋਟਰ ਤੇ 9 ਤੀਜੇ ਲਿੰਗ ਨਾਲ ਸਬੰਧਤ ਹਨ ਜਿਨ੍ਹਾਂ ਲਈ 400 ਪੋਲਿੰਗ ਬੂਥ ਬਣਾਏ ਗਏ ਹਨ ।
ਸਭਾ ਹਲਕਾ 105 ਮਲੇਰਕੋਟਲਾ 201 ਬੂਥ ਅਤੇ ਸਭਾ ਹਲਕਾ 106 ਅਮਰਗੜ੍ਹ ਅਧੀਨ 199 ਬੂਥ ਸਥਾਪਿਤ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ 18 ਤੇ 19 ਸਾਲ ਦੀ ਉਮਰ ਵਰਗ ਦੇ ਨੌਜਵਾਨ ਜੋ ਕਿ ਵੋਟਰ ਬਣਨ ਲਈ ਯੋਗ ਹਨ, ਉਹਨ੍ਹਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਸਿੱਖਿਆ ਸੰਸਥਾਵਾਂ ਤੱਕ ਪਹੁੰਚ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਵੀ ਪ੍ਰਚਾਰ ਮੁਹਿੰਮ ਆਰੰਭੀ ਹੋਈ ਹੈ ਤਾਂ ਜੋ ਵੱਧ ਤੋਂ ਵੱਧ ਯੋਗ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕੀਤਾ ਜਾ ਸਕੇ।