ਪਟਿਆਲਾ, 16 ਅਕਤੂਬਰ, 2021:
ਕੇਂਦਰੀ ਜੇਲ੍ਹ ਪਟਿਆਲਾ ਵੱਲੋਂ ਬੰਦੀਆਂ ਦੀਆਂ ਰਚਨਾਵਾਂ ਨੂੰ ਕਿਤਾਬਚੇ ਦਾ ਰੂਪ ਦੇਣ ਦੀ ਸ਼ੁਰੂ ਕੀਤੀ ਗਈ ਆਪਣੀ ਨਿਵੇਕਲੀ ਪਹਿਲਕਦਮੀ ਨੂੰ ਜਾਰੀ ਰੱਖਦਿਆਂ ਅੱਜ ਤਿਮਾਹੀ ਰਸਾਲੇ ‘ਪੰਜਾਬ ਉਜਾਲਾ’ ਦਾ ਦੂਸਰਾ ਅੰਕ ‘ਸੋਚਾਂ ਦੀ ਉਡਾਣ’ ਜਾਰੀ ਕੀਤਾ ਗਿਆ। ਇਸ ਮੌਕੇ ਕੇਂਦਰੀ ਜੇਲ ਪਟਿਆਲਾ ਵਿਖੇ ਕਰਵਾਏ ਸਭਿਆਚਾਰਕ ਸਮਾਗਮ ਦੌਰਾਨ ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਜੇਲ੍ਹ ਵਿਭਾਗ ਤੇ ਬੰਦੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਸੰਬੋਧਨ ਕਰਦਿਆ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਕਿਹਾ ਕਿ ਬੰਦੀਆਂ ਵੱਲੋਂ ਇਸ ਰਸਾਲੇ ‘ਚ ਪ੍ਰਗਟਾਏ ਵਿਚਾਰ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਦਾ ਪ੍ਰਗਟਾਵਾ ਹੈ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਉਪਰਾਲੇ ਬੰਦੀਆਂ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਨ ‘ਚ ਸਹਾਈ ਹੋਣਗੇ ਤੇ ਬੰਦੀਆਂ ਨੂੰ ਸਾਹਿਤ ਨਾਲ ਜੋੜਕੇ ਉਨ੍ਹਾਂ ਨੂੰ ਵਿਚਾਰਕ ਤਬਦੀਲੀ ਵੱਲ ਲੈਕੇ ਜਾਣਗੇ।
ਉਨ੍ਹਾਂ ਕਿਹਾ ਕਿ ਰਸਾਲੇ ਨੂੰ ਲਾਇਬਰੇਰੀਆਂ, ਸਕੂਲਾਂ ਤੇ ਕਾਲਜਾਂ ‘ਚ ਵੀ ਭੇਜਿਆਂ ਜਾਵੇ ਤਾਂ ਜੋ ਜੇਲ ਦੇ ਬੰਦੀਆਂ ਦੀਆਂ ਸਕਰਾਤਮਕ ਰਚਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਬੰਦੀਆਂ ਦੀ ਮੁਸ਼ਕਲਾਂ ਨੂੰ ਸੁਣਿਆਂ ਤੇ ਹੱਲ ਹੋਣ ਵਾਲੀਆਂ ਮੁਸ਼ਕਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ।
ਸਮਾਗਮ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਨੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਥਾਰਟੀ ਵੱਲੋਂ ਦਿੱਤੀਆਂ ਜਾਂਦੀ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਗਰੂਕ ਕੀਤਾ।
ਇਸ ਮੌਕੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਜੇਲ ‘ਚ ਬੰਦੀਆਂ ਨੂੰ ਵੱਖ ਵੱਖ ਕਿੱਤਿਆਂ ‘ਚ ਲਗਾਇਆ ਗਿਆ ਹੈ ਤਾਂ ਜੋ ਉਨ੍ਹਾਂ ਵਿਚਲੀ ਪ੍ਰਤੀਭਾ ਨੂੰ ਹੋਰ ਨਿਖਾਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਲ ‘ਚ ਮਹਿਲਾ ਬੰਦੀਆਂ ਨੂੰ ਜੂਟ ਤੋਂ ਬਣਿਆ ਸਮਾਨ ਤਿਆਰ ਕਰਨਾ ਸਿਖਾਇਆ ਜਾ ਰਿਹਾ ਹੈ ਤਾਂ ਕਿ ਉਹ ਰਿਹਾਈ ਤੋਂ ਬਾਅਦ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਣ। ਸਮਾਗਮ ਦੌਰਾਨ ਬੰਦੀਆਂ ਵੱਲੋਂ ਕਵਿਤਾਵਾਂ, ਗਾਣੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ।
ਜੇਲ ਸੁਪਰਡੈਂਟ, ਸ਼ਿਵਰਾਜ ਸਿੰਘ ਨੰਦਗੜ੍ਹ ਨੇ ਪੰਜਾਬ ਉਜਾਲਾ ਰਸਾਲੇ ਵਿਚਲੀ ਪ੍ਰਕਾਸ਼ਤ ‘ਸੋਚਾਂ ਦੀ ਉਡਾਣ’ ਸਮੱਗਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੰਦੀਆਂ ਵੱਲੋਂ ਕਵਿਤਾਵਾਂ ਅਤੇ ਲੇਖਾਂ ‘ਤੇ ਅਧਾਰਤ ਇਹ ਰਸਾਲਾ ਬੰਦੀਆਂ ਦੀ ਸਕਾਰਤਮਕ ਮਿਹਨਤ ਦਾ ਨਤੀਜਾ ਹੈ।
ਉਨ੍ਹਾਂ ਦੱਸਿਆ ਕਿ ਬੰਦੀਆਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਲਈ ਜੇਲ ਅੰਦਰ ਇੱਕ ਛੋਟੀ ਲਾਇਬਰੇਰੀ ਵੀ ਸਥਾਪਤ ਕੀਤੀ ਗਈ ਹੈ, ਜਿੱਥੇ ਧਾਰਮਿਕ ਪੁਸਤਕਾਂ ਤੋਂ ਇਲਾਵਾ ਹੋਰ ਵਿਸ਼ਿਆਂ ਨਾਲ ਸਬੰਧਤ ਸਾਹਿਤ ਵੀ ਜੇਲ ਪ੍ਰਬੰਧਕਾਂ ਵਲੋਂ ਮੁਹੱਈਆ ਕਰਵਾਇਆ ਗਿਆ ਹੈ। ਸਮਾਗਮ ਦੌਰਾਨ ਸੀਨੀਅਰ ਜੱਜ ਮੋਨਿਕਾ ਸ਼ਰਮਾ ਤੇ ਸੀ.ਜੇ.ਐਮ. ਅਮਿਤ ਮਲ੍ਹਣ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।