ਇਹ ਵੀ ਪੜੋ — ਪਟਿਆਲਾ ਬੱਸ ਸਟੈਂਡ ਟਾਈਮ ਟੇਬਲ PRTC ਪੀ ਆਰ ਟੀ ਸੀ
ਬਰਨਾਲਾ, 29 ਅਕਤੂਬਰ 2021-
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਹਰ ਰੋਜ਼ ਰੇਲਵੇ ਸਟੇਸ਼ਨ ਬਰਨਾਲਾ ‘ਤੇ ਲਾਇਆ ਜਾਣ ਵਾਲਾ ਧਰਨਾ ਅੱਜ ਧਨੌਲਾ ਥਾਣੇ ਮੂਹਰੇ ਲਾਇਆ ਗਿਆ ਅਤੇ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਧਨੌਲਾ ਪੁਲਿਸ ਨੇ ਬੀਜੇਪੀ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਦਬਾਅ ਹੇਠ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਹਨ। ਇਸ ਸਬੰਧੀ ਕਿਸਾਨ ਮੋਰਚੇ ਦਾ ਵਫਦ ਜਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮਿਲਿਆ ਅਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ ਪਰ ਅਧਿਕਾਰੀਆਂ ਦੇ ਕੰਨ ‘ਤੇ ਜੂੰਅ ਨਹੀਂ ਸਰਕੀ।
ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਬਸ ਸਟੈਂਡ ਧਨੌਲਾ ਵਿਖੇ ਇਕੱਠੇ ਹੋਣ ਬਾਅਦ ਬਾਜਾਰਾਂ ਵਿਚੋਂ ਦੀ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਜ਼ਾਹਰਾ ਕਰਨ ਉਪਰੰਤ ਧਨੌਲਾ ਥਾਣੇ ਮੂਹਰੇ ਧਰਨਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿਸਾਨਾਂ ਨੂੰ ਡਰਾਉਣ ਲਈ ਸਰਕਾਰ ਨੇ ਇਹ ਕੇਸ ਬੀਜੇਪੀ ਨੇਤਾ ਦੇ ਦਬਾਅ ਹੇਠ ਦਰਜ ਕੀਤੇ ਹਨ। ਕਿਸਾਨ ਪੁਲਿਸ ਦੀਆਂ ਅਜਿਹੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲੇ ਨਹੀਂ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਖੇਖਣ ਕਰ ਰਹੀ ਹੈ ਅਤੇ ਦੂਸਰੀ ਤਰਫ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕਰ ਰਹੀ ਹੈ।