ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਰਵਾਨਾ
-ਵਾਤਾਵਰਨ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਡਿਪਟੀ ਕਮਿਸ਼ਨਰ
-31 ਅਕਤੂਬਰ ਤੱਕ ਜ਼ਿਲ੍ਹੇ ਦੇ 934 ਪਿੰਡਾਂ ‘ਚ ਜਾਗਰੂਕਤਾ ਵੈਨਾਂ ਰਾਹੀਂ ਕਿਸਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ
-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੀ.ਐਲ.ਵੀਜ਼ ਤੇ ਲਾਅ ਦੇ ਵਿਦਿਆਰਥੀ ਵੀ ਹੋਏ ਜਾਗਰੂਕਤਾ ਮੁਹਿੰਮ ‘ਚ ਹੋਏ ਸ਼ਾਮਲ
ਪਟਿਆਲਾ, 11 ਅਕਤੂਬਰ:
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਅਤੇ ਖੇਤਾਂ ਵਿੱਚ ਵਾਹੁਣ ਨਾਲ ਹੋਣ ਵਾਲੇ ਲਾਭ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪਟਿਆਲਾ ਜ਼ਿਲ੍ਹੇ ਦੇ 934 ਪਿੰਡਾਂ ਲਈ ਛੇ ਜਾਗਰੂਕਤਾ ਵੈਨ ਭੇਜੀਆਂ ਗਈਆਂ ਹਨ, ਜਿਨ੍ਹਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਤੋਂ ਝੰਡੀ ਦੇਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਪ੍ਰਦੂਸ਼ਣ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜੇਕਰ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਵਾਂਗੇ। ਉਨ੍ਹਾਂ ਕਿਸਾਨਾਂ ਦੇ ਨਾਲ-ਨਾਲ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਪ੍ਰਦੂਸ਼ਣ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਆਪਣੇ ਬੱਚਿਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਗਈਆਂ ਜਾਗਰੂਕਤਾ ਵੈਨਾਂ ਪਟਿਆਲਾ ਜ਼ਿਲ੍ਹੇ ਦੇ ਸਾਰੇ 934 ਪਿੰਡਾਂ ਵਿਚ ਜਾਣਗੀਆਂ ਅਤੇ ਇਨ੍ਹਾਂ ਦੇ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਭੇਜੇ ਗਏ ਪੀ.ਐਲ.ਵੀਜ਼ ਤੇ ਲਾਅ ਦੇ ਵਿਦਿਆਰਥੀ ਵੀ ਸ਼ਾਮਲ ਹੋਣਗੇ ਜੋ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਵੀ ਪਿੰਡ ‘ਚ ਵਸਦੇ ਲੋਕਾਂ ਨੂੰ ਜਾਗਰੂਕ ਕਰਨਗੇ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਵੈਨਾਂ ਪਿੰਡਾਂ ਵਿੱਚ ਪੈਂਫਲੈਟ ਵੀ ਵੰਡਣਗਆਂ ਜਿਸ ਉਪਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਅਤੇ ਇੰਨ ਸੀਟੂ ਤੇ ਐਕਸ ਸੀਟੂ ਵਿਧੀਆਂ ਦੀ ਤਕਨੀਕੀ ਜਾਣਕਾਰੀ ਸਬੰਧੀ ਵੀ ਮਾਹਰਾਂ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆ ਕਿਹਾ ਕਿ ਇਹ ਪ੍ਰਦੂਸ਼ਣ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜੋ ਸਾਡੇ ਅਤੇ ਸਾਡੇ ਪਰਿਵਾਰ ਲਈ ਘਾਤਕ ਹਨ ਇਸ ਲਈ ਸਾਰੇ ਰੱਲਕੇ ਇਸ ਅਲਾਮਤ ਦਾ ਖਾਤਮਾ ਕਰਕੇ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਈਏ।
ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਿੰਦਰ ਕੌਰ, ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ, ਖੇਤੀਬਾੜੀ ਵਿਕਾਸ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ, ਜਸ਼ਨਪ੍ਰੀਤ ਕੌਰ, ਪੀ.ਐਲ.ਵੀਜ਼ ਦੇ ਲਾਅ ਦੇ ਵਿਦਿਆਰਥੀਆਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।