ਡਿਪਟੀ ਕਮਿਸ਼ਨਰਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਮੌਕੇ ’ਤੇ ਸੁਲਝਾਉਣ ਲਈ ਪਿੰਡਾਂ ਵਿੱਚ ਜਨਤਕ ਮਿਲਣੀਆਂ ਕਰਨ ਦਾ ਹੁਕਮ

 ਡਿਪਟੀ ਕਮਿਸ਼ਨਰਾਂ ਨੂੰ ਸੂਬਾ ਪ੍ਰਸ਼ਾਸਨ ਦੇ ਅੱਖ ਤੇ ਕੰਨ ਦੱਸਿਆ

  • ਮੁੜ ਵਸੇਬਾ ਕੇਂਦਰ ਇਕ ਮਹੀਨੇ ਵਿਚ ਅਪਗ੍ਰੇਡ ਕਰਨ ਲਈ ਆਖਿਆ
  • ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਲਈ ‘ਬਿਹਤਰੀਨ ਕਾਰਗੁਜ਼ਾਰੀ ਐਵਾਰਡ’ ਦਾ ਐਲਾਨ
  • ਕਣਕ ਦੇ ਖਰੀਦ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

cm bhagwant mann meeting with dc
cm bhagwant mann meeting with dc

ਚੰਡੀਗੜ੍ਹ, 04 ਅਪ੍ਰੈਲ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਖਾਸ ਕਰਕੇ ਪਿੰਡਾਂ ਵਿਚ ਜਾ ਕੇ ਨਿਰੰਤਰ ਜਨਤਕ ਮਿਲਣੀਆਂ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਇਸ ਨਾਲ ਲੋਕਾਂ ਦੀ ਤਸੱਲੀ ਮੁਤਾਬਕ ਉਨ੍ਹਾਂ ਦੀ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਸੁਲਝਾਉਣਾ ਯਕੀਨੀ ਬਣਾਇਆ ਜਾ ਸਕੇਗਾ।

        ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਭਗਵੰਤ ਮਾਨ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉਤੇ ਪਿੰਡ ਜਾਂ ਕਸਬੇ ਵਿਚ ਜਾ ਕੇ ਅਧਿਕਾਰੀਆਂ ਦੀ ਟੀਮ ਨਾਲ ਵਿਸ਼ੇਸ਼ ਕੈਂਪ ਲਾਉਣ ਲਈ ਆਖਿਆ ਤਾਂ ਕਿ ਆਮ ਲੋਕਾਂ ਦੇ ਬਕਾਏ ਮਸਲੇ ਜਾਂ ਦਰਪੇਸ਼ ਸਮੱਸਿਆਵਾਂ ਦਾ ਮੌਕੇ ਉਤੇ ਹੀ ਹੱਲ ਕੀਤਾ ਜਾ ਸਕੇ।

        ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ ਤੇ ਕੰਨ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ, “ਤੁਸੀਂ ਸਰਕਾਰ ਦਾ ਅਸਲ ਚਿਹਰਾ ਹੋ ਕਿਉਂਕਿ ਸਾਡੇ (ਸਰਕਾਰ) ਨਾਲੋਂ ਤੁਹਾਡਾ ਆਮ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ ਕਿਉਂ ਜੋ ਲੋਕ ਤੁਹਾਡੇ ਉਪਰ ਬਹੁਤ ਜ਼ਿਆਦਾ ਭਰੋਸਾ ਤੇ ਵਿਸ਼ਵਾਸ ਕਰਦੇ ਹਨ।” ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਂਝ ਕੇਂਦਰਾਂ ਦੀ ਅਚਨਚੇਤੀ ਜਾਂਚ ਕਰਨ ਲਈ ਆਖਿਆ ਕਿਉਂ ਜੋ ਇਨ੍ਹਾਂ ਕੇਂਦਰਾਂ ਨੂੰ ਪ੍ਰਮੁੱਖ ਤੌਰ ਉਤੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸਨ ਅਤੇ ਉਨ੍ਹਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਲਈ ਕਿਹਾ।

        ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ, ਐਸ.ਡੀ.ਐਮਜ਼ ਤੇ ਹੋਰ ਖੇਤਰੀ ਅਧਿਕਾਰੀਆਂ ਲਈ ਭਗਵੰਤ ਮਾਨ ਨੇ ‘ਬਿਹਤਰੀਨ ਕਾਰਗੁਜ਼ਾਰੀ ਐਵਾਰਡ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਤਾਂ ਕਿ ਬਾਕੀ ਅਫਸਰਾਂ ਨੂੰ ਆਪਣੀ ਡਿਊਟੀ ਸੇਵਾ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।

         

ਨਸ਼ਾਗ੍ਰਸਤ ਲੋਕਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਇਕ ਮਹੀਨੇ ਵਿਚ ਸ਼ੁਰੂ ਅਤੇ ਅਪਗ੍ਰੇਡ ਕਰਨ ਦਾ ਟੀਚਾ ਦਿੱਤਾ ਤਾਂ ਕਿ ਨੌਜਵਾਨਾਂ ਦਾ ਸਹੀ ਢੰਗ ਨਾਲ ਮੁੜ ਵਸੇਬਾ ਕੀਤਾ ਜਾ ਸਕੇ ਜੋ ਭੁੱਲੇ-ਭਟਕੇ ਨਸ਼ਿਆਂ ਦੀ ਗ੍ਰਿਫਤ ਵਿਚ ਫਸ ਗਏ। ਉਨ੍ਹਾਂ ਕਿਹਾ ਕਿ ਨਸ਼ਾਗ੍ਰਸਤ ਲੋਕਾਂ ਦਾ ਮੁੜ ਵਸੇਬਾ ਸਭ ਤੋਂ ਅਹਿਮ ਹੈ ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਸਵੈ-ਮਾਣ ਨਾਲ ਬਿਤਾਉਣ ਵਿਚ ਸਹਾਈ ਹੋਵੇਗਾ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਦੇ ਪੂਰੀ ਕਾਬਲੀਅਤ ਅਤੇ ਸਮਰੱਥਾ ਨਾਲ ਨਿਭਾਉਣ ਦੀ ਖੁੱਲ੍ਹ ਦੇਣ ਦਾ ਭਰੋਸਾ ਦਿੱਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਲੋਕਾਂ ਦੇ ਨੁਮਾਇੰਦਿਆਂ ਅਤੇ ਆਮ ਆਦਮੀ ਨੂੰ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ।

ਕਣਕ ਦੀ ਚੱਲ ਰਹੀ ਖਰੀਦ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਭਗਵੰਤ ਮਾਨ ਨੇ ਡੀਜੀਪੀ ਨੂੰ ਗੁਆਂਢੀ ਰਾਜਾਂ ਤੋਂ ਪੰਜਾਬ ਵਿੱਚ ਕਣਕ ਦੀ ਗੈਰ-ਕਾਨੂੰਨੀ ਢੋਆ-ਢੁਆਈ ਨੂੰ ਰੋਕਣ ਲਈ 24 ਘੰਟੇ ਚੌਕਸੀ ਨੂੰ ਹੋਰ ਤੇਜ਼ ਕਰਨ ਲਈ ਕਿਹਾ ਕਿਉਂਕਿ ਕਈ ਬੇਈਮਾਨ ਵਪਾਰੀ ਕਣਕ ਨੂੰ ਸੂਬਾ ਭਰ ਦੀਆਂ ਮੰਡੀਆਂ ਵਿੱਚ ਘੱਟੋ ਘੱਟ ਸਮਰਥਨ ਮੁੱਲ `ਤੇ ਵੇਚਣ ਲਈ ਚੋਰੀ-ਛਿਪੇ ਲਿਆਉਂਦੇ ਹਨ। ਭਗਵੰਤ ਮਾਨ ਨੇ ਡੀ.ਜੀ.ਪੀ ਨੂੰ ਕਿਹਾ ਕਿ ਉਹ ਸੀਜ਼ਨ ਦੇ ਅੰਤ ਤੱਕ ਇਨ੍ਹਾਂ ਨਾਕਿਆਂ `ਤੇ 24 ਘੰਟੇ ਵੀਡੀਓਗ੍ਰਾਫੀ ਟੀਮਾਂ ਤਾਇਨਾਤ ਕਰਨ।

ਇਸ ਸਬੰਧ ਵਿੱਚ ਮੁੱਖ ਮੰਤਰੀ ਦੀ ਚਿੰਤਾ ਦਾ ਜਵਾਬ ਦਿੰਦਿਆਂ ਡੀ.ਜੀ.ਪੀ. ਵੀ.ਕੇ. ਭਾਵੜਾ ਨੇ ਦੱਸਿਆ ਕਿ ਸੂਬਾ ਪੁਲਿਸ ਵੱਲੋਂ ਲਾਏ ਗਏ 132 ਨਾਕਿਆਂ ਵਿੱਚੋਂ 86 ਅੰਤਰਰਾਜੀ ਨਾਕੇ ਹਨ ਜਦਕਿ 46 ਸੂਬੇ ਦੇ ਅੰਦਰ ਲਾਏ ਹੋਏ ਹਨ ਜਿਨ੍ਹਾਂ `ਤੇ ਕੁੱਲ 1150 ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਨਿਗਰਾਨੀ ਕਾਰਜਾਂ ਦੀ ਸਮੁੱਚੀ ਨਿਗਰਾਨੀ ਏਡੀਜੀਪੀ ਪੱਧਰ ਦੇ ਅਧਿਕਾਰੀ ਐਮ.ਐਫ. ਫਾਰੂਕੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਐਸਪੀ ਅਤੇ ਡੀਐਸਪੀ ਰੈਂਕ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਲਗਾਇਆ ਗਿਆ ਹੈ।

ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ `ਤੇ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਵਿੱਤ ਕਮਿਸ਼ਨਰ ਖੇਤੀਬਾੜੀ ਡੀ.ਕੇ. ਤਿਵਾੜੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਮਿਲ ਕੇ ਆਪਣੇ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੁਹਿੰਮ ਚਲਾਉਣ ਲਈ ਕਹਿਣ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਲੁਆਈ ਦੀ ਰਵਾਇਤੀ ਪ੍ਰਣਾਲੀ ਦੀ ਬਜਾਏ ਵੱਡੇ ਪੱਧਰ `ਤੇ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਦੀ ਤਕਨਾਲੋਜੀ ਵੱਲ ਜਾਣ ਲਈ ਜਾਗਰੂਕ ਕੀਤਾ ਜਾ ਸਕੇ ਕਿਉਂਕਿ ਇਹ ਨਵੀਂ ਤਕਨੀਕ ਸੂਬੇ ਨੂੰ ਪਾਣੀ ਦੇ ਡਿੱਗਦੇ ਪੱਧਰ `ਤੇ ਕਾਫ਼ੀ ਹੱਦ ਤੱਕ ਕਾਬੂ ਕਰਨ ਵਿੱਚ ਮਦਦ ਕਰੇਗੀ।

ਕਣਕ ਦੀ ਖਰੀਦ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਗੁਰਕਿਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਨੁਮਾਨ ਅਨੁਸਾਰ 135 ਲੱਖ ਮੀਟਰਕ ਟਨ ਕਣਕ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।

ਕਣਕ ਦੀ ਖਰੀਦ ਦੀਆਂ ਤਿਆਰੀਆਂ `ਤੇ ਤਸੱਲੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਨਿਰਦੇਸ਼ ਜਾਰੀ ਕਰਨ ਕਿ ਉਹ ਵੱਖ-ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ, ਖੁਰਾਕ ਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਅਤੇ ਕਿਸਾਨਾਂ ਦੇ ਸਥਾਨਕ ਨੁਮਾਇੰਦਿਆਂ ਨਾਲ-ਨਾਲ ਸਲਾਹ-ਮਸ਼ਵਰਾ ਕਰਕੇ ਆਪੋ-ਆਪਣੇ ਜ਼ਿਲ੍ਹਿਆਂ `ਚ ਖਰੀਦ ਦੀ ਪ੍ਰਗਤੀ `ਤੇ ਨਜ਼ਰ ਰੱਖਣ ਲਈ ਨਿਯਮਿਤ ਤੌਰ `ਤੇ ਮੰਡੀਆਂ ਦਾ ਦੌਰਾ ਕਰਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਵਿੱਤ ਕਮਿਸ਼ਨਰ ਮਾਲ ਵੀ.ਕੇ ਜੰਜੂਆ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਅਤੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰ ਹਾਜ਼ਰ ਸਨ। 

Leave a Reply

Your email address will not be published. Required fields are marked *