ਆਮ ਜਨਤਾ ਦੀ ਸਿਹਤ ਨਾਲ ਹੋ ਰਿਹਾ ਖੁੱਲੇ੍ਹਆਮ ਖਿਲਵਾੜ ਬਣਿਆ ਵੱਡਾ ਲੋਕ ਮਸਲਾ
ਨਾਭਾ, 13 ਅਪ੍ਰੈਲ -ਆਮ ਜਨਤਾ ਦਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਖੁੱਲ੍ਹੇਆਮ ਖਾਣ ਪੀਣ ਦੇ ਨਕਲੀ ਪਦਾਰਥਾਂ ਦੀ ਬਾਜ਼ਾਰਾਂ ‘ਚ ਹੋ ਰਹੀ ਵਿਕਰੀ ਕਾਰਨ ਲਗਾਤਾਰ ਬਣਦਾ ਜਾ ਰਿਹਾ | ਭਾਵੇਂ ਕਿ ਸਰਕਾਰ ਵਲੋਂ ਸਿਹਤ ਵਿਭਾਗ ਵਿਚ ਅਜਿਹੇ ਮਹਿਕਮੇ ਵਿਸ਼ੇਸ਼ ਤੌਰ ‘ਤੇ ਬਣਾਏ ਹੋਏ ਹਨ ਜੋ ਖਾਣ ਪੀਣ ਦੀਆਂ ਵਸਤੂਆਂ ਜਿਨ੍ਹਾਂ ਦੀ ਵਿਕਰੀ ਖੁੱਲੇ੍ਹਆਮ ਬਾਜ਼ਾਰ ‘ਚ ਹੋ ਰਹੀ ਹੈ | ਸਮੇਂ ਸਮੇਂ ‘ਤੇ ਚੈੱਕ ਕਰਨ ਉਪਰੰਤ ਬਣਦੀ ਕਾਰਵਾਈ ਅਜਿਹੇ ਵਿਅਕਤੀ ‘ਤੇ ਕਰ ਸਕਦੇ ਹਨ ਜੋ ਨਕਲੀ ਸਾਮਾਨ ਤਿਆਰ ਕਰ ਬਾਜ਼ਾਰ ‘ਚ ਵੇਚ ਰਹੇ ਹਨ | ਪਰ ਸੰਬੰਧਿਤ ਮਹਿਕਮੇ ਵਲੋਂ ਕੇਵਲ ਖਾਨਾਪੂਰਤੀ ਕਾਗ਼ਜ਼ਾਂ ‘ਚ ਹੀ ਕੀਤੀ ਜਾਂਦੀ ਹੈ | ਸ਼ਹਿਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਪਨੀਰ, ਦੁੱਧ, ਹਲਦੀ, ਮਿਰਚ, ਸਰ੍ਹੋਂ ਦਾ ਤੇਲ, ਪਾਮ ਆਇਲ, ਨਕਲੀ ਖੋਏ ਦੀਆਂ ਮਠਿਆਈਆਂ ਬੇਕਰੀ ਅਤੇ ਹਲਵਾਈ ਦੀਆਂ ਦੁਕਾਨਾਂ ‘ਚ ਫੈਲੀ ਗੰਦਗੀ ਬਾਹਰ ਰੋਡ ‘ਤੇ ਬਿਨਾਂ ਸਫ਼ਾਈ ਅਤੇ ਖਾਣ ਪੀਣ ਦਾ ਸਾਮਾਨ ਬਿਨਾਂ ਢਕੇ ਤੋਂ ਸੜਕਾਂ ‘ਤੇ ਲੱਗੇ ਫਾਸਟ ਫੂਡ ਦੇ ਅੱਡੇ, ਅਣਗਿਣਤ ਰੇਹੜੀਆਂ, ਢਾਬੇ ਅਤੇ ਹੋਟਲਾਂ ਦੀਆਂ ਰਸੋਈਆਂ ‘ਚ ਫੈਲੀ ਗੰਦਗੀ ਸਮੇਤ ਨਕਲੀ ਸਾਮਾਨ ਦੀ ਖੁੱਲ੍ਹੇਆਮ ਵਿਕਰੀ ਵੱਲ ਸਬੰਧਿਤ ਮਹਿਕਮੇ ਵਲੋਂ ਕਦੇ ਵੀ ਡੂੰਘਾਈ ਨਾਲ ਧਿਆਨ ਨਹੀਂ ਦਿੱਤਾ ਗਿਆ | ਭਿਆਨਕ ਬਿਮਾਰੀਆਂ ਦੇ ਸ਼ਿਕਾਰ ਜਦੋਂ ਮਰੀਜ਼ ਸਰਕਾਰੀ ਹਸਪਤਾਲਾਂ ‘ਚ ਜਾਂਦੇ ਹਨ ਪਰ ਡਾਕਟਰਾਂ ਦੀ ਘਾਟ, ਕਮਿਸ਼ਨ ਦੀ ਭੁੱਖ ਮਰੀਜ਼ ਵੱਲ ਧਿਆਨ ਨਾ ਦੇਣ ਕਾਰਨ ਮਰੀਜ਼ ਪ੍ਰਾਈਵੇਟ ਹਸਪਤਾਲ ਦਾ ਸਹਾਰਾ ਲੈਂਦੇ ਨੇ ਜਿੱਥੇ ਉਨ੍ਹਾਂ ਦੀ ਵੱਡੀ ਲੁੱਟ ਹੁੰਦੀ ਹੈ | ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਗਿਆਨ ਸਿੰਘ ਮੂੰਗੋ ਮੁਤਾਬਿਕ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਹੁਣ ਤੱਕ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਾਇਆ ਗਿਆ | ਜਿਸ ਕਾਨੂੰਨ ਤਹਿਤ ਪ੍ਰਾਈਵੇਟ ਡਾਕਟਰਾਂ ਦੀ ਫ਼ੀਸ ਤਹਿ ਕੀਤੀ ਗਈ ਹੋਵੇ ਜੋ ਜਰੂਰੀ ਹੈ | ਕਈ ਵਾਰ ਫੈਲੀ ਬਿਮਾਰੀ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਮਰੀਜ਼ ਦੀ ਮੌਤ ਤਕ ਹੋ ਜਾਂਦੀ ਹੈ | ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਭੱਦਰਪੁਰਸ਼ਾਂ ਉਪਰ ਕਾਨੂੰਨੀ ਕਾਰਵਾਈ ਹੋਵੇਗੀ ਜਾਂ ਨਹੀਂ ਇਹ ਦੇਖਣਯੋਗ ਹੋਵੇਗਾ | ਜਦੋਂ ਇਸ ਸਬੰਧੀ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਅਤੇ ਖ਼ਾਸਕਰ ਭਗਵੰਤ ਸਿੰਘ ਮਾਨ ਸਿਹਤ, ਸਿੱਖਿਆ ਨੂੰ ਲੈ ਫ਼ਿਕਰਮੰਦ ਹਨ | ਸਰਕਾਰੀ ਹਸਪਤਾਲ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਫਿਰ ਨਕਲੀ ਸਾਮਾਨ ਦੀ ਵਿਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਜ਼ਿਲ੍ਹੇ ਦੇ ਸਬੰਧਿਤ ਉੱਚ ਅਧਿਕਾਰੀਆਂ ਨਾਲ ਬੈਠਕ ਕਰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ | ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਜੇਕਰ ਕੋਈ ਨਕਲੀ ਸਾਮਾਨ ਬਣਾਉਂਦਾ ਜਾਂ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਸ਼ਿਕਾਇਤ ਸਬੰਧਤ ਮਹਿਕਮੇ ਨੂੰ ਕਰਨ ਤੋਂ ਇਲਾਵਾ ਉਸ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਲੋਕ ਅਜਿਹੇ ਵਿਅਕਤੀ ਤੋਂ ਖਾਣ ਪੀਣ ਦੇ ਪਦਾਰਥ ਖ਼ਰੀਦਣ ਤੋਂ ਗੁਰੇਜ਼ ਕਰਨ | ਉਨ੍ਹਾਂ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਖ਼ਤ ਚੈਕਿੰਗ ਕਰ ਨਕਲੀ ਸਾਮਾਨ ਬਣਾਉਣ ਅਤੇ ਵੇਚਣ ਵਾਲਿਆਂ ਉਪਰ ਸਖ਼ਤ ਕਾਰਵਾਈ ਕਰਨ |