ਚਾਂਦੀ ਦੇ ਵਰਕ ‘ਚ ਮਿਲਾਵਟ ਨੂੰ ਰੋਕਣ ਲਈ ਮਠਿਆਈਆਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲ
–ਸਮੁੱਚੇ ਮਠਿਆਈ ਵਿਕ੍ਰੇਤਾਵਾਂ ਨੂੰ ਮਠਿਆਈਆਂ ਦੀਆਂ ਟਰੇਆਂ ਤੇ ਬੈਸਟ ਬਿਫੋਰ ਤਾਰੀਖ਼ ਲਿਖਣ ਨੂੰ ਯਕੀਨੀ ਬਣਾਉਣ ਦੀ ਹਦਾਇਤ : ਰਾਖੀ ਵਿਨਾਇਕ
ਮਾਲੇਰਕੋਟਲਾ 07 ਅਕਤੂਬਰ :
ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਸ੍ਰੀ ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀਆਂ ਹਦਾਇਤਾਂ ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਦੀ ਸਿਹਤ ਨਾਲ ਹੋਣ ਵਾਲ਼ੇ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਹਲਵਾਈਆਂ ਅਤੇ ਖਾਣ ਵਾਲੇ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਦਾ ਅਭਿਆਨ ਚਲਾਇਆ ਗਿਆ ।
ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਕਿ ਇਸ ਚੈਕਿੰਗ ਅਭਿਆਨ ਦੌਰਾਨ ਮਠਿਆਈਆਂ ‘ ਚ ਪਾਬੰਦੀ ਸੁਦਾ ਗਹਿਰੇ ਰੰਗਾਂ ਦੀ ਵਰਤੋ ਅਤੇ ਐਲਮੋਨੀਅਮ ਵਰਕ ਦੇ ਵਿਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਫੂਡ ਸੇਫ਼ਟੀ ਟੀਮ ਮਲੇਰਕੋਟਲਾ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਨਾਭਾ ਰੋਡ, ਰਾਏਕੋਟ ਰੋਡ ,ਟਰੱਕ ਯੂਨੀਅਨ ਚੌਕ ,ਨਿਊ ਕੋਰਟ ਰੋਡ ਆਦਿ ਵਿਖੇ ਸਥਿਤ ਵੱਖ ਵੱਖ ਮਿਠਾਈ ਦੀਆਂ ਦੁਕਾਨਾਂ ਅਤੇ ਡੇਅਰੀਆਂ ਦੀ ਚੈਕਿੰਗ ਕੀਤੀ ਗਈ । ਇਸ ਚੈਕਿੰਗ ਮੁਹਿੰਮ ਦੌਰਾਨ ਸੱਤ ਸੈਂਪਲ ਸੀਲ ਕੀਤੇ ਗਏ ਹਨ , ਜਿਸ ਵਿੱਚ ਚਾਂਦੀ ਦੇ ਵਰਕ ਵਾਲੀਆਂ ਤਿੰਨ ਬਰਫ਼ੀਆਂ ,ਦੁੱਧ ,ਪਨੀਰ ,ਰਸਗੁੱਲਾ ,ਕਲਾਕੰਦ ਆਦਿ ਦੇ ਸੈਂਪਲ ਸ਼ਾਮਲ ਹਨ । ਭਰੇ ਗਏ ਸਾਰੇ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਪੰਜਾਬ ਵਿਖੇ ਟੈਸਟਿੰਗ ਲਈ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੇ ਜੇਕਰ ਕੋਈ ਵੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਦੇ ਵਿਰੁੱਧ ਵਿਭਾਗੀ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਹਲਵਾਈਆਂ ਦੀਆਂ ਵਰਕਸ਼ਾਪਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਾਫ਼ ਸੁਥਰੇ ਢੰਗ ਨਾਲ ਮਠਿਆਈ ਬਣਾਉਣ, ਵਧੀਆ ਕੁਆਲਟੀ ਦਾ ਸਾਮਾਨ ਵਰਤਣ, ਫੂਡ ਸੇਫ਼ਟੀ ਐਕਟ ਅਧੀਨ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਅਤੇ ਵਧੀਆ ਕੁਆਲਿਟੀ ਦਾ ਸਿਲਵਰ ਵਰਕ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ।
ਉਨ੍ਹਾਂ ਹੋਰ ਦੱਸਿਆ ਕਿ ਸਮੁੱਚੇ ਮਠਿਆਈ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਠਿਆਈਆਂ ਦੀਆਂ ਟਰੇਆਂ ‘ਤੇ ਬੈਸਟ ਬਿਫੋਰ ਦੀ ਤਾਰੀਖ਼ ਲਿਖਣ ਨੂੰ ਯਕੀਨੀ ਬਣਾਉਣ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫ਼ਟੀ ਅਫਸਰ ਦਿਵਿਆਜੋਤ ਕੌਰ ਵੀ ਹਾਜ਼ਰ ਸਨ