ਇਹ ਵੀ ਪੜੋ — ਕੈਨੇਡਾ ਸਰਕਾਰ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਐਲਾਨ
ਪਟਿਆਲਾ ਪੁਲੀਸ ਦੇ ਤਿੰਨ ਸੌ ਮੁਲਾਜ਼ਮਾਂ ਨੇ ਅੱਜ ਛਾਪਾ ਮਾਰ ਕੇ ਕੇਂਦਰੀ ਜੇਲ੍ਹ ਪਟਿਆਲਾ ਦੀ ਜਾਂਚ ਕੀਤੀ। ਸਵੇਰੇ ਵਿੱਢੀ ਇਹ ਤਲਾਸ਼ੀ ਮੁਹਿੰਮ ਤਿੰਨ ਘੰਟੇ ਚੱਲੀ। ਇਸ ਦੌਰਾਨ ਬੈਰਕਾਂ ਅਤੇ ਸਕਿਓਰਿਟੀ ਜ਼ੋਨ ਆਦਿ ਥਾਂਵਾਂ ਦੀ ਤਲਾਸ਼ੀ ਲਈ ਪਰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਨਵੇਂ ਆਏ ਐਸਐਸਪੀ ਹਰਚਰਨ ਸਿੰਘ ਭੁੱਲਰ ਵੱਲੋਂ ਇਸ ਤਲਾਸ਼ੀ ਮੁਹਿੰਮ ਲਈ ਐਸਪੀ (ਹੈਡਕੁਆਟਰ) ਹਰਕਮਲ ਕੌਰ ਅਤੇ ਐਸਪੀ (ਪੀਬੀਆਈ) ਕੇਸਰ ਸਿੰਘ ਧਾਲ਼ੀਵਾਲ, ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ, ਸੌਰਵ ਜਿੰਦਲ ਤੇ ਸੁਰਜੀਤ ਧਨੋਆ ਅਤੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ’ਚ ਤਿੰਨ ਸੌ ਪੁਲੀਸ ਮੁਲ਼ਾਜ਼ਮ ਸਨ। ਇਨ੍ਹਾਂ ਨੂੰ ਬਿਨਾਂ ਕੁਝ ਦੱਸਿਆਂ, ਤੜਕੇ ਤਿੰਨ ਵਜੇ ਪੁਲੀਸ ਲਾਈਨ ਸੱਦ ਲਿਆ ਗਿਆ ਸੀ। ਮਿਸ਼ਨ ਇਸ ਕਦਰ ਗੁਪਤ ਰੱਖਿਆ ਕਿ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੂੰ ਵੀ ਫੋਰਸ ਦੇ ਜੇਲ੍ਹ ਪੁੱਜਣ ਮਗਰੋਂ ਸੱਦਿਆ ਗਿਆ।
ਇਸੇ ਜੇਲ੍ਹ ਵਿੱਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ’ਚ ਬਲਵੰਤ ਸਿੰਘ ਰਾਜੋਆਣਾ ਤੇ ਅੱਧੀ ਦਰਜਨ ਹੋਰ ਕੈਦੀਆਂ ਸਮੇਤ ਕਈ ਗੈਂਗਸਟਰ ਵੀ ਬੰਦ ਹਨ। ਇਨ੍ਹਾਂ ਨੂੰ ਖਤਰਨਾਕ ਅਪਰਾਧੀਆਂ ਵਜੋਂ ਵਿਸ਼ੇਸ਼ ਸਕਿਓਰਿਟੀ ਜ਼ੋਨਾਂ ’ਚ ਰੱਖਿਆ ਗਿਆ ਹੈ। ਕੁਝ ਮਹੀਨੇ ਪਹਿਲਾਂ ਇਸ ਜੇਲ੍ਹ ਵਿੱਚੋਂ ਤਿੰਨ ਕੈਦੀਆਂ ਫਰਾਰ ਹੋ ਗਏ ਸਨ ਜਿਸ ਮਗਰੋਂ ਦੀਵਾਰਾਂ ’ਤੇ ਬਿਜਲੀ ਦੇ ਕਰੰਟ ਵਾਲ਼ੀਆਂ ਤਾਰਾਂ ਵੀ ਮੜ੍ਹ ਦਿੱਤੀਆਂ। ਜੇਲ੍ਹ ਦੇ ਅੰਦਰਲੀ ਹਦੂਦ ’ਚ ਤਿੰਨ ਦਰਜਨ ਕੈਮਰੇ ਵੀ ਤੀਜੀ ਅੱਖ ਵਜੋਂ ਨਿਗ੍ਹਾ ਰੱਖਦੇ ਹਨ। ਕੈਦੀਆਂ ਨਾਲ ਲਾਈ ਅੱਟੀ ਸੱਟੀ ਤਹਿਤ ਕਿਸੇ ਨਾ ਕਿਸੇ ਵੱਲੋਂ ਜੇਲ੍ਹ ਦੀ ਦੀਵਾਰ ਦੇ ਕੈਦੀਆਂ ਲਈ ਦੀਵਾਰ ਰਾਹੀਂ ਬਾਹਰੋਂ ਅੰਦਰ ਸੁੱਟੇ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਪ੍ਰਸ਼ਾਸਨ ਨੇ ਕਈ ਵਾਰ ਬਰਾਮਦ ਕੀਤੇ ਹਨ।
ਪੇਸ਼ੀਆਂ ਤੋਂ ਪਰਤਣ ਵਾਲ਼ੇ ਅਤੇ ਨਵੇਂ ਆਉਣ ਵਾਲ਼ੇ ਬੰਦੀਆਂ ਦੇ ਕਬਜ਼ੇ ਵਿੱਚੋਂ ਵੀ ਅਜਿਹੀ ਬਰਾਮਦਗੀ ਹੁੰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਕੁਝ ਜੇਲ੍ਹ ਮੁਲਾਜ਼ਮ ਵੀ ਪਾਬੰਦੀਸ਼ੁਦਾ ਵਸਤਾਂ ਅੰਦਰ ਪਹੁੰਚਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦਾ ਕਹਿਣਾ ਸੀ ਕਿ ਪਾਬੰਦੀਸ਼ੁਦਾ ਵਸਤਾਂ ਦੀ ਰੋਕਥਾਮ ਲਈ ਚੌਵੀ ਘੰਟੇ ਜਾ ਰਹੀ ਚੌਕਸੀ ਦਾ ਹੀ ਸਿੱਟਾ ਹੈ ਕਿ ਅੱਜ ਤਲਾਸ਼ੀ ਮੁਹਿੰਮ ਦੌਰਾਨ ਵੀ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।