Lush trees cut down last night: News Patiala

ਰਾਤ ਦੇ ਹਨੇਰੇ ਵਿੱਚ ਕੱਟੇ ਹਰੇ-ਭਰੇ ਦਰੱਖਤ

  • ਲੋਕਾਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਮਾਮਲਾ


 ਇੱਥੇ ਰਾਜਪੁਰਾ ਸੜਕ ਤੇ ਬਣ ਰਹੇ ਨਵੇਂ ਬੱਸ ਅੱਡੇ ਕੋਲ ਜੰਗਲਾਤ ਵਿਭਾਗ ਦੇ ਹਰੇ ਭਰੇ ਰੁੱਖ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਜੰਗਲਾਤ ਅਧਿਕਾਰੀ ਤੁਰੰਤ ਹਰਕਤ ਵਿਚ ਆਏ ਤੇ ਬਿਨਾਂ ਨੰਬਰੀ ਟਰੈਕਟਰ ਟਰਾਲੀ ਨੂੰ ਮੌਕੇ ਤੇ ਜ਼ਬਤ ਕਰ ਲਿਆ। ਮਾਮਲੇ ਵਿਚ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਦੀ ਸ਼ੰਕਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਕੁਝ ਲੋਕ ਰੁੱਖਾਂ ਨੂੰ ਵੱਢ ਕੇ ਟਰੈਕਟਰ ਟਰਾਲੀ ਤੇ ਲੱਦ ਰਹੇ ਸਨ। ਲੋਕਾਂ ਨੇ ਸ਼ੱਕ ਹੋਣ ਤੇ ਕੁਝ ਮੀਡੀਆ ਕਰਮੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਿਸ ਮਗਰੋਂ ਮਾਮਲਾ ਅਧਿਕਾਰੀਆਂ ਦੇ ਸਾਹਮਣੇ ਆਇਆ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਨੂੰ ਰਾਤ ਨੂੰ ਰੁੱਖ ਕੱਟੇ ਜਾਣ ਬਾਰੇ ਪੁੱਛਿਆ ਤਾਂ ਇਨ੍ਹਾਂ ਨੇ ਕਿਹਾ ਕਿ ਦਰੱਖਤ ਕੱਟਣ ਲਈ ਵਿਭਾਗ ਤੋਂ ਆਗਿਆ ਲਈ ਹੋਈ ਹੈ। ਰਾਤ ਸਮੇਂ ਰੁੱਖਾਂ ਦੀ ਕਟਾਈ ਇਸ ਕਰਕੇ ਕਰ ਰਹੇ ਹਾਂ ਕਿ ਦਿਨ ਵੇਲੇ ਇੱਥੇ ਟਰੈਫ਼ਿਕ ਜ਼ਿਆਦਾ ਹੁੰਦਾ ਹੈ। ਮੌਕੇ ਤੇ ਪੁੱਜੇ ਮੀਡੀਆ ਕਰਮੀਆਂ ਨੂੰ ਇਹ ਰੁੱਖ ਕੱਟਣ ਦੀ ਇਜਾਜ਼ਤ ਤੇ ਆਪਣੇ ਸ਼ਨਾਖ਼ਤੀ ਕਾਰਡ ਵੀ ਨਹੀਂ ਦਿਖਾ ਸਕੇ। ਉਨ੍ਹਾਂ ਕਿਹਾ ਕਿ ਉਹ ਜੰਗਲਾਤ ਦੇ ਕੱਚੇ ਮੁਲਾਜ਼ਮ ਹਨ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਜਗਮੋਹਨ ਨਾਮ ਦੇ ਕਿਸੇ ਸੁਪਰਵਾਈਜ਼ਰ ਨਾਲ ਵੀ ਗੱਲ ਕਰਵਾਈ।

ਘਟਨਾ ਦਾ ਪਤਾ ਲੱਗਣ ’ਤੇ ਫੌਰੀ ਕਾਰਵਾਈ ਕੀਤੀ: ਰੇਂਜ ਅਫ਼ਸਰ

ਰੇਂਜ ਅਫ਼ਸਰ ਸਵਰਨ ਸਿੰਘ ਅਤੇ ਬਲਾਕ ਅਫ਼ਸਰ ਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਣਕਾਰੀ ਮਿਲਣ ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਇਸ ਲੱਕੜ ਨਾਲ ਭਰੇ ਟਰੈਕਟਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਪੁਲੀਸ ਨੂੰ ਕੇਸ ਦਰਜ ਕਰਨ ਲਈ ਲਿਖਿਆ ਜਾਵੇਗਾ।

Leave a Reply

Your email address will not be published. Required fields are marked *